ਲਗਾਤਾਰ ਦੂਜੇ ਮਹੀਨੇ ਵੀ ਨਹੀਂ ਹੋਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ
-ਫਰਵਰੀ ਵਿਚ ਵੀ ਨਹੀਂ
Publish Date: Thu, 19 Mar 2026 08:54 PM (IST)
Updated Date: Thu, 19 Mar 2026 08:58 PM (IST)
-ਫਰਵਰੀ ਵਿਚ ਵੀ ਨਹੀਂ ਹੋ ਸਕੀ ਸੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ
ਜਾਸ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਦੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਐਨ ਮੌਕੇ 'ਤੇ ਰੱਦ ਹੋ ਜਾਣ ਦੀ ਰਵਾਇਤ ਬਣ ਗਈ ਹੈ। ਫਰਵਰੀ ਮਹੀਨੇ ਦੋ ਵਾਰ ਮੀਟਿੰਗ ਰੱਦ ਹੋਣ ਦੇ ਬਾਅਦ ਪੂਰੇ ਮਹੀਨੇ ਮੀਟਿੰਗ ਨਹੀਂ ਹੋ ਸਕੀ। ਮਾਰਚ ’ਚ ਵੀ ਇਹੀ ਹਾਲਤ ਹਨ, ਕਿਉਂਕਿ ਇਸ ਮਹੀਨੇ 10 ਮਾਰਚ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਸੀ, ਜੋ ਬਾਅਦ ਵਿਚ 19 ਮਾਰਚ ਨੂੰ ਤੈਅ ਕੀਤੀ ਗਈ ਸੀ ਪਰ ਵੀਰਵਾਰ ਨੂੰ ਵੀ ਅਚਾਨਕ ਮੀਟਿੰਗ ਰੱਦ ਹੋ ਗਈ ਤੇ ਹੁਣ 6 ਅਪ੍ਰੈਲ ਨੂੰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਨਾ ਹੋਣ ਕਾਰਨ ਸੜਕ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਮੁੱਦੇ ਜਿਉਂ ਦੇ ਤਿਉਂ ਹਨ। ਹੁਣ 6 ਅਪ੍ਰੈਲ ਨੂੰ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ 'ਤੇ ਸਾਰੀਆਂ ਨਜ਼ਰਾਂ ਟਿਕੀਆਂ ਹਨ।
---
ਸ਼ਹਿਰ ਤੋਂ ਲੈ ਕੇ ਹਾਈਵੇ ਤੱਕ ਕੋਈ ਸੁਧਾਰ ਨਹੀਂ: ਸੈਣੀ
ਰੋਡ ਸੇਫਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਨਹੀਂ ਹੈ। ਨਹੀਂ ਤਾਂ ਇਕ ਅਫਸਰ ਦੀ ਗੈਰਮੌਜੂਦਗੀ ’ਚ ਕੋਈ ਦੂਜਾ ਅਫਸਰ ਵੀ ਮੀਟਿੰਗ ਕਰਵਾ ਸਕਦਾ ਹੈ। ਰੋਜ਼ਾਨਾ ਸ਼ਹਿਰ ਤੋਂ ਲੈ ਕੇ ਨੈਸ਼ਨਲ ਹਾਈਵੇ ’ਤੇ ਹਾਦਸੇ ਹੋ ਰਹੇ ਹਨ। ਟੁੱਟੀਆਂ ਸੜਕਾਂ ਬਣ ਨਹੀਂ ਰਹੀਆਂ ਤੇ ਨੈਸ਼ਨਲ ਹਾਈਵੇ 'ਤੇ ਸਪੀਡੋ ਮੀਟਰ ਤੇ ਰਿਫਲੈਕਟਰ ਲਾਉਣ ਦਾ ਮਸਲਾ ਹਾਲੇ ਤੱਕ ਪੈਂਡਿੰਗ ਹੈ। ਅੱਗੇ ਬਰਸਾਤ ਦਾ ਮੌਸਮ ਹੈ, ਜਿਸ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਜਾਣ ਦੀ ਸੰਭਾਵਨਾ ਹੈ।