ਲੁੱਕ ਦੀ ਘਾਟ ਕਾਰਨ ਸੜਕਾਂ ਬਣਾਉਣ ਦਾ ਕੰਮ ਪ੍ਰਭਾਵਿਤ
ਇਜ਼ਰਾਇਲ, ਅਮਰੀਕਾ, ਇਰਾਨ ਜੰਗ ਕਾਰਨ ਲੁੱਕ ਘਾਟ ਕਾਰਨ ਸੜਕਾਂ ਦਾ ਕੰਮ ਹੋਣ ਲੱਗਾ ਪ੍ਰਭਾਵਿਤ
Publish Date: Sat, 21 Mar 2026 08:15 PM (IST)
Updated Date: Sat, 21 Mar 2026 08:19 PM (IST)
-ਪਹਿਲਾਂ ਸਾਉਦੀ ਅਰਬ ਤੇ ਕਤਰ ਤੋਂ ਆਉਂਦੀ ਸੀ ਲੁਕ ਹੁਣ ਆਉਂਦੀ ਰੂਸ ਤੋਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਇਕ ਪਾਸੇ ਮੌਸਮ ਬਦਲਣ ਤੇ ਤਾਪਮਾਨ ’ਚ ਕਮੀ ਕਾਰਨ ਸੜਕਾਂ ਬਣਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਦੂਜੇ ਪਾਸੇ ਇਜ਼ਰਾਇਲ, ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਸੜਕਾਂ ਬਣਾਉਣ ਲਈ ਆਉਣ ਵਾਲੀ ਲੁੱਕ ’ਚ ਦੇਰੀ ਹੋਣ ਕਾਰਨ ਸੜਕਾਂ ਬਣਾਉਣ ਦਾ ਕੰਮ ਮੱਠਾ ਪੈ ਗਿਆ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਜੰਗ ਤੋਂ ਪਹਿਲਾਂ ਜਿਹੜੀ ਲੁੱਕ ਕਤਰ ਤੇ ਸਾਉਦੀ ਅਰਬ ਤੋਂ ਆਉਣ ਵਾਲੇ ਕਰੂਡ ਆਇਲ ਤੋਂ ਬਣਦੀ ਸੀ, ਜ਼ਿਆਦਾ ਮਜਬੂਤ ਹੁੰਦੀ ਸੀ। ਹੁਣ ਜਿਹੜੀ ਰੂਸ ਤੋਂ ਲੁੱਕ ਆ ਰਹੀ ਹੈ, ਉਸ ਨਾਲ ਸੜਕ ਬਨਾਉਣ ’ਚ ਠੇਕੇਦਾਰਾਂ ਨੂੰ ਵਧੇਰੇ ਮਿਹਨਤ ਤੇ ਮਸ਼ੀਨਰੀ ਲਾਉਣੀ ਪੈ ਰਹੀ ਹੈ। ਬਰਸਾਤ ਕਾਰਨ ਸ਼ਹਿਰ ਦੇ ਮੁੱਖ ਮਾਰਗ ਮਹਾਂਵੀਰ ਮਾਰਗ ਦਾ ਕੰਮ ਪ੍ਰਭਾਵਿਤ ਹੋ ਗਿਆ ਹੈ। ਸੜਕ ਬਣਾਉਣ ਦਾ ਕੰਮ ਲਗਪਗ ਬੰਦ ਹੋ ਗਿਆ ਹੈ ਤੇ ਹੁਣ ਤਾਪਮਾਨ 20 ਜਾਂ 25 ਡਿਗਰੀ ਤਕ ਆਉਣ ’ਤੇ ਹੀ ਕੰਮ ਸ਼ੁਰੂ ਹੋ ਸਕੇਗਾ।
---------------------
ਠੇਕੇਦਾਰਾਂ ’ਤੇ ਵਧਿਆ ਦਬਾਅ : ਡੋਗਰਾ
ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨੇ ਕਿਹਾ ਹੈ ਕਿ ਠੇਕੇਦਾਰ ਪਹਿਲਾਂ ਕਤਰ ਤੇ ਸਾਉਦੀ ਅਰਬ ਤੋਂ ਆਉਣ ਵਾਲੇ ਕੱਚੇ ਤੇਲ ’ਚੋਂ ਨਿਕਲਣ ਵਾਲੀ ਲੁੱਕ ਮੰਗਵਾ ਕੇ ਸੜਕਾਂ ਬਨਾਉਣ ਦਾ ਕੰਮ ਕਰਦੇ ਸਨ। ਜੰਗ ਲੱਗਣ ਕਾਰਨ ਜਿਥੇ ਕੱਚੇ ਤੇਲ ਦੀ ਸਪਲਾਈ ’ਚ ਰੁਕਾਵਟ ਪੈਦਾ ਹੋਈ ਹੈ, ਉਥੇ ਠੇਕੇਦਾਰਾਂ ਲਈ ਸਮੱਸਿਆ ਪੈਦਾ ਹੋ ਗਈ ਹੈ। ਇਸ ਸਮੇਂ ਰੂਸ ਦੀ ਲੁੱਕ ਦੀ ਠੇਕੇਦਾਰ ਸ਼ਾਇਦ ਪਹਿਲੀ ਵਾਰ ਵਰਤੋਂ ਕਰਨ ਜਾ ਰਹੇ ਹਨ ਕਿਉਂਕਿ ਸਰਕਾਰ ਵੀ ਵਿਕਾਸ ਕੰਮ ਤੇਜ਼ੀ ਨਾਲ ਕਰਨ ਲਈ ਜ਼ੋਰ ਪਾ ਰਹੀ ਹੈ, ਜਿਸ ਨੂੰ ਦੇਖਦਿਆਂ ਠੇਕੇਦਾਰਾਂ ਨੂੰ ਅਜਿਹਾ ਕਰਨਾ ਪੈ ਰਿਹਾ ਹੈ।
---------------------------
ਸਮੇਂ ਸਿਰ ਅਦਾਇਗੀ ਨਾਲ ਵਧੇਗੀ ਕੰਮ ਦੀ ਰਫ਼ਤਾਰ
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਵਿਕਾਸ ਕੰਮਾਂ ਲਈ ਆਉਣ ਵਾਲੀ 85 ਕਰੋੜ ਦੀ ਰਕਮ ਅਜੇ ਤੱਕ ਨਹੀਂ ਆਈ ਹੈ ਜਿਸ ਕਾਰਨ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇ ਕੰਮ ਦੇ ਨਾਲ-ਨਾਲ ਨਗਰ ਨਿਗਮ ਅਦਾਇਗੀ ਕਰਦੀ ਹੈ ਤਾਂ ਕੰਮ ਦੀ ਰਫਤਾਰ ਤੇਜ਼ ਹੋ ਸਕਦੀ ਹੈ।