ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਸੜਕ ਬਣੀ ਜਾਨ ਦਾ ਖੌਅ
ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਸੜਕ ਬਣੀ ਹਾਦਸਿਆਂ ਦਾ ਕਾਰਨ
Publish Date: Fri, 10 Apr 2026 08:11 PM (IST)
Updated Date: Fri, 10 Apr 2026 08:14 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਤੋਂ ਬੁਲੋਵਾਲ ਜਾਣ ਵਾਲੀ ਲਿੰਕ ਸੜਕ, ਜੋ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ, ਇਸ ਵੇਲੇ ਬਦਤਰ ਹਾਲਤ ’ਚ ਹੈ ਤੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵਧਦੇ ਟ੍ਰੈਫਿਕ ਨੂੰ ਦੇਖਦਿਆਂ ਇਸ ਸੜਕ ਨੂੰ ਦੋਵਾਂ ਪਾਸਿਆਂ ਤੋਂ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਠੇਕੇਦਾਰ ਵੱਲੋਂ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਸੜਕ ਦੇ ਇਕ ਪਾਸੇ ਲੰਬੀ ਖਾਈ ਪੁੱਟੀ ਹੋਈ ਹੈ, ਜਿਸ ਕਾਰਨ ਆਵਾਜਾਈ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਤ ਪ੍ਰਕਾਸ਼ ਘਈ ਬਹਿਰਾਮ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋਇਆ ਸੀ ਪਰ ਉਸ ਤੋਂ ਬਾਅਦ ਠੇਕੇਦਾਰ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਪਿੰਡ ਭੂੰਦੀਆਂ ਤੋਂ ਲੈ ਕੇ ਨੰਗਲ ਕੁਟੀਆ ਤੱਕ ਸੜਕ ਦੇ ਨਾਲ-ਨਾਲ ਡੇਢ ਤੋਂ ਦੋ ਫੁੱਟ ਡੂੰਘੀ ਖਾਈ ਪੁੱਟੀ ਹੋਈ ਹੈ, ਜੋ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਹੈ। ਵਾਹਨ ਅਕਸਰ ਇਸ ਖਾਈ ’ਚ ਫਸ ਜਾਂਦੇ ਹਨ, ਜਿਸ ਨਾਲ ਕਈ ਟਿੱਪਰ, ਭਾਰੀ ਵਾਹਨ, ਸਕੂਟਰ ਤੇ ਕਾਰ ਸਵਾਰਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ। ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ।