- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਜਲੰਧਰ

ਜਾਸ, ਜਲੰਧਰ : ਜਲੰਧਰ ਕੇਂਦਰੀ ਵਿਧਾਨ ਸਭਾ ਖੇਤਰ ’ਚ ਮਾਸਟਰ ਤਾਰਾ ਸਿੰਘ ਨਗਰ ਨਾਲ ਲੱਗਦੀ ਕਾਲੋਨੀ ਨੇਤਾਜੀ ਪਾਰਕ ’ਚ ਲਗਪਗ 4 ਮਹੀਨੇ ਪਹਿਲਾਂ ਲੱਖਾਂ ਦੀ ਲਾਗਤ ਨਾਲ ਬਣਾਈ ਗਈ ਕੰਕਰੀਟ ਸੜਕ ਨੂੰ ਸੀਵਰੇਜ ਪਾਈਪ ਪਾਉਣ ਲਈ ਤੋੜਿਆ ਗਿਆ ਹੈ। ਪੂਰੀ ਸੜਕ ਨੂੰ ਵਿਚਾਲਿਓਂ ਪੁੱਟਿਆ ਗਿਆ ਤੇ ਹੁਣ ਇਸ ਨੂੰ ਦੁਬਾਰਾ ਬਣਾਉਣਾ ਪਵੇਗਾ। ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਲਾਈ ਜਾ ਰਹੀ ਹੈ। ਇਸ ਸਾਰੇ ਕੰਮ ਨੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਾਫ਼ ਹੈ ਕਿ ਨਗਰ ਨਿਗਮ ਦੇ ਵਿਭਾਗਾਂ ’ਚ ਤਾਲਮੇਲ ਦੀ ਘਾਟ ਹੈ। ਸੜਕ ਬਣਾਉਣ ਤੋਂ ਪਹਿਲਾਂ ਬੀਐਂਡਆਰ ਤੇ ਓਐਂਡਐੱਮ ਵਿਭਾਗਾਂ ਵਿਚਾਲੇ ਕੋਈ ਤਾਲਮੇਲ ਨਹੀਂ ਹੋਇਆ। ਨਾ ਹੀ ਠੇਕੇਦਾਰ ਨੇ ਸੜਕ ਪੁੱਟਣ ਤੋਂ ਪਹਿਲਾਂ ਬੀਐਂਡਆਰ ਵਿਭਾਗ ਤੋਂ ਮਨਜ਼ੂਰੀ ਲਈ। ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ ਕਿ ਸੜਕ ਦੇ ਨਿਰਮਾਣ ਤੋਂ ਬਾਅਦ ਸੀਵਰੇਜ ਜਾਂ ਪਾਣੀ ਦੀ ਪਾਈਪਲਾਈਨ ਲਈ ਸੜਕ ਨੂੰ ਤੋੜਿਆ ਜਾਂਦਾ ਹੈ। ਲੋਕਾਂ ਦੀ ਮੰਗ ’ਤੇ ਨੇਤਾਜੀ ਪਾਰਕ ਦੀਆਂ ਤਿੰਨ ਸੜਕਾਂ ਨੂੰ ਚਾਰ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਬੀਐਂਡਆਰ ਤੇ ਓਐਂਡਐੱਮ ਵਿਭਾਗ ਦੇ ਸੁਪਰਡੈਂਟ ਇੰਜੀਨੀਅਰਾਂ ਨੂੰ ਵੀ ਇਸ ਕੰਮ ਦੀ ਜਾਣਕਾਰੀ ਨਹੀਂ ਹੈ। ਵਾਰਡ ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਆਏ ਹਨ ਕਿ ਨਵੀਂ ਬਣੀ ਸੜਕ ਨੂੰ ਤੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੀਵਰੇਜ ਪਾਈਪ ਲਾਉਣ ਦਾ ਪ੍ਰੋਜੈਕਟ ਉਨ੍ਹਾਂ ਨੇ ਤਿਆਰ ਨਹੀਂ ਕਰਵਾਇਆ। ਉਹ ਸ਼ਹਿਰ ਤੋਂ ਬਾਹਰ ਹਨ ਤੇ ਸ਼ਨਿਚਰਵਾਰ ਸਵੇਰੇ ਖ਼ੁਦ ਮੌਕੇ ਦਾ ਮੁਆਇਨਾ ਕਰਨਗੇ। ਇਸ ਸਬੰਧੀ ਮੇਅਰ ਤੇ ਕਮਿਸ਼ਨਰ ਨਾਲ ਵੀ ਗੱਲ ਕਰਨਗੇ ਤੇ ਜੋ ਵੀ ਪਬਲਿਕ ਫੰਡ ਦੀ ਬਰਬਾਦੀ ਦਾ ਜ਼ਿੰਮੇਵਾਰ ਹੋਵੇਗਾ, ਉਸ ’ਤੇ ਕਾਰਵਾਈ ਕਰਵਾਉਣਗੇ।
---
ਸੜਕ ਤੋੜਨ ਦੀ ਮਨਜ਼ੂਰੀ ਨਹੀਂ ਦਿੱਤੀ : ਬੀਐਂਡਆਰ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਰਾਹੁਲ ਧਵਨ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਹ ਕੰਮ ਨਹੀਂ ਕਰਵਾ ਰਿਹਾ। ਨਾ ਹੀ ਕਿਸੇ ਨੂੰ ਨਵੀਂ ਸੜਕ ਤੋੜਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਹ ਸਵੇਰੇ ਇਸ ਦੀ ਜਾਂਚ ਕਰਵਾਉਣਗੇ ਕਿ ਇਹ ਓਐਂਡਐੱਮ ਵਿਭਾਗ ਨੇ ਤੋੜਿਆ ਹੈ ਜਾਂ ਕੋਈ ਨਿੱਜੀ ਕੰਮ ਲਈ ਇਸ ਨੂੰ ਤੁੜਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗਲਤ ਹੈ ਤੇ ਇਸ ਨਾਲ ਨਗਰ ਨਿਗਮ ਨੂੰ ਭਾਰੀ ਨੁਕਸਾਨ ਹੋਇਆ ਹੈ। ਜਾਂਚ ਕਰਨ ਮਗਰੋਂ ਅਗਲੀ ਕਾਰਵਾਈ ਆਰੰਭੀ ਜਾਵੇਗੀ।
---
ਫੀਲਡ ਟੀਮ ਤੋਂ ਜਾਣਕਾਰੀ ਲੈਣਗੇ : ਓਐਂਡਐੱਮ ਵਿਭਾਗ ਦੇ ਐੱਸਈ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰਨ ਨਹੀਂ ਹੈ। ਉਨ੍ਹਾਂ ਦੇ ਵਿਭਾਗ ਨੇ ਇਹ ਕੰਮ ਕਰਵਾਇਆ ਹੈ ਜਾਂ ਨਹੀਂ, ਇਸ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਨ। ਜੇ ਕਿਸੇ ਮੁਲਾਜ਼ਮ ਕਾਰਨ ਸੜਕ ਤੋੜੀ ਗਈ ਹੈ ਤਾਂ ਉਸ ’ਤੇ ਕਾਰਵਾਈ ਹੋਵੇਗੀ ਤੇ ਜੇ ਕਿਸੇ ਵਿਅਕਤੀ ਨੇ ਨਿੱਜੀ ਕੰਮ ਲਈ ਸੜਕ ਤੋੜੀ ਹੈ ਤਾਂ ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
---
ਲਾਪਰਵਾਹੀ ਬਰਦਾਸ਼ਤ ਨਹੀਂ: ਬਿੱਟੂ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਬੀਐਂਡਆਰ ਤੇ ਓਐਂਡਐੱਮ ਵਿਭਾਗ ਨੂੰ ਇਸ ਕੰਮ ਤੇ ਸੜਕ ਤੋੜਨ ਦੀ ਜਾਣਕਾਰੀ ਨਾ ਹੋਣਾ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ’ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਸੀਵਰੇਜ ਜਾਂ ਪਾਣੀ ਦਾ ਕੁਨੈਕਸ਼ਨ ਲੈ ਰਿਹਾ ਹੋਵੇ, ਤਾਂ ਓਐਂਡਐੱਮ ਦੀ ਟੀਮ 5 ਮਿੰਟ ’ਚ ਪਹੁੰਚ ਜਾਂਦੀ ਹੈ ਪਰ ਇੱਥੇ ਇੰਨਾ ਨੁਕਸਾਨ ਹੋ ਗਿਆ ਤੇ ਅਜੇ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇਸ ਲਈ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਇਸ ਤਰ੍ਹਾਂ ਦੀ ਲਾਪਰਵਾਹੀ ਤੇ ਨਗਰ ਨਿਗਮ ਦਾ ਨੁਕਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।