ਦਿਲਕੁਸ਼ਾ ਮਾਰਕੀਟ ਨਾਲ ਲੱਗਦੀ ਸੜਕ ਟੋਇਆਂ ’ਚ ਤਬਦੀਲ, ਲੋਕ ਪਰੇਸ਼ਾਨ
ਦਿਲਕੁਸ਼ਾ ਮਾਰਕੀਟ ਨਾਲ ਲੱਗਦੀ ਸੜਕ ਟੋਇਆਂ ’ਚ ਤਬਦੀਲ, ਲੋਕ ਪਰੇਸ਼ਾਨ
Publish Date: Sun, 04 Jan 2026 07:41 PM (IST)
Updated Date: Mon, 05 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲਸੇਲ ਦਵਾਈਆਂ ਦੀ ਬਹੁਤ ਹੀ ਰੌਣਕਦਾਰ ਦਿਲਕੁਸ਼ਾ ਮਾਰਕੀਟ ਨਾਲ ਲੱਗਦੀ ਮੁੱਖ ਸੜਕ ਅੱਜਕੱਲ੍ਹ ਟੋਇਆਂ ਦੀ ਭਰਮਾਰ ਕਾਰਨ ਲੋਕਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। ਪੁਰਾਣੀ ਜੀਟੀ ਰੋਡ ਤੋਂ ਫ੍ਰੈਂਡਜ਼ ਸਿਨੇਮਾ ਤੇ ਸਟੇਟ ਬੈਂਕ ਆਫ਼ ਇੰਡੀਆ ਵੱਲ ਜਾਣ ਵਾਲੀ ਇਸ ਸੜਕ ’ਤੇ ਟੋਇਆਂ ਕਰ ਕੇ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਸੜਕ ਦੇ ਦੋਵੇਂ ਪਾਸਿਆਂ ’ਤੇ ਹੋਲਸੇਲ ਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ, ਫ੍ਰੈਂਡਜ਼ ਪੀਵੀਆਰ, ਨਾਲ ਹੀ ਕਈ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰ ਤੇ ਹੋਟਲ ਸਥਿਤ ਹਨ। ਨਗਰ ਨਿਗਮ ਨੂੰ ਇਥੋਂ ਵੱਡੀ ਮਾਤਰਾ ’ਚ ਟੈਕਸ ਵੀ ਮਿਲਦਾ ਹੈ। ਇੱਥੋਂ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਆਵਾਜਾਈ ਹੁੰਦੀ ਹੈ, ਜਿਨ੍ਹਾਂ ’ਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਸੜਕ ’ਤੇ ਦਿਲਕੁਸ਼ਾ ਮਾਰਕੀਟ ’ਚ ਦਾਖ਼ਲ ਹੋਣ ਲਈ 2 ਰਸਤੇ ਵੀ ਹਨ। ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਸੜਕ ’ਤੇ ਟੋਇਆਂ ਦਾ ਆਕਾਰ ਹੋਰ ਵਧ ਗਿਆ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਮੱਸਿਆ ਦੇ ਹੱਲ ਲਈ ਇਲਾਕਾ ਨਿਵਾਸੀਆਂ ਤੇ ਮਾਰਕੀਟ ਦੇ ਵਪਾਰੀਆਂ ਵੱਲੋਂ ਵਾਰ-ਵਾਰ ਗੁਹਾਰ ਲਾਈ ਗਈ ਪਰ ਮਸਲਾ ਅਜੇ ਵੀ ਹੱਲ ਤੋਂ ਕੋਹਾਂ ਦੂਰ ਹੈ। ਆਮ ਲੋਕ ਸੁਰੱਖਿਅਤ ਤੇ ਸੁਗਮ ਆਵਾਜਾਈ ਦੀ ਉਮੀਦ ਲਾਏ ਬੈਠੇ ਹਨ। ਨਗਰ ਨਿਗਮ ਦੇ ਐਕਸੀਅਨ ਰਾਮਪਾਲ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਫਿਰ ਵੀ ਸਰਦੀ ਤੇ ਬਾਰਿਸ਼ ਤੋਂ ਬਾਅਦ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਮਾਰਕੀਟ ’ਚ ਦਵਾਈਆਂ ਦਾ ਕੰਮ ਕਰਨ ਵਾਲੇ ਸੁਸ਼ਾਂਤ ਨੇ ਕਿਹਾ ਕਿ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਖ਼ਰਾਬ ਹੈ ਪਰ ਸਬੰਧਤ ਵਿਭਾਗ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧ ’ਚ ਕਈ ਵਾਰ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਹੋਲਸੇਲ ਦਵਾਈ ਵਿਕ੍ਰੇਤਾ ਅਨਿਲ ਰੱਤੜਾ ਨੇ ਦੱਸਿਆ ਕਿ ਇਹ ਸੜਕ ਮਾਰਕੀਟ ਦੀ ਲਾਈਫਲਾਈਨ ਹੈ। ਹਰ ਰੋਜ਼ ਸੈਂਕੜੇ ਵਾਹਨ ਤੇ ਹਜ਼ਾਰਾਂ ਪੈਦਲ ਯਾਤਰੀ ਇਥੋਂ ਲੰਘਦੇ ਹਨ ਪਰ ਟੋਇਆਂ ਕਾਰਨ ਗਾਹਕਾਂ ਦੀ ਆਵਾਜਾਈ ਘੱਟ ਹੋ ਗਈ ਹੈ, ਜਿਸ ਨਾਲ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਇਕ ਹੋਰ ਦੁਕਾਨਦਾਰ ਸੰਨੀ ਨੇ ਕਿਹਾ ਕਿ ਵਰਖਾ ਦੇ ਦਿਨਾਂ ’ਚ ਟੋਇਆਂ ’ਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਸੜਕ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ। ਕਈ ਵਾਰ ਦੋਪਹੀਆ ਵਾਹਨ ਤਿਲਕ ਜਾਂਦੇ ਹਨ ਤੇ ਲੋਕਾਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ। ਏਕਮ ਕੁਮਾਰ ਨੇ ਕਿਹਾ ਕਿ ਟੋਇਆਂ ਕਾਰਨ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਦਾ ਹੈ। ਟਾਇਰ ਖ਼ਰਾਬ ਹੋਣ ਦੇ ਨਾਲ-ਨਾਲ ਐਕਸਲ ਸਮੇਤ ਹੋਰ ਨੁਕਸਾਨ ਵੀ ਝੱਲਣਾ ਪੈਂਦਾ ਹੈ, ਜਿਸ ਦੀ ਮੁਰੰਮਤ ’ਤੇ ਵਾਧੂ ਖ਼ਰਚਾ ਆਉਂਦਾ ਹੈ। ਪੁਨੀਤ ਕੁਮਾਰ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੜਕ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਹਾਦਸਿਆਂ ’ਤੇ ਰੋਕ ਲੱਗ ਸਕੇ ਤੇ ਮਾਰਕੀਟ ਦੀ ਰੌਣਕ ਮੁੜ ਵਾਪਸ ਆ ਸਕੇ। ਸੜਕ ਸੁਧਰਨ ਨਾਲ ਕਾਰੋਬਾਰ ’ਚ ਵੀ ਵਾਧਾ ਹੋਵੇਗਾ। ਦੁਕਾਨਦਾਰ ਨਿਖਿਲ ਕੁਮਾਰ ਨੇ ਦੱਸਿਆ ਕਿ ਟੋਇਆਂ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਬਾਈਕਸ ਤਿਲਕ ਜਾਂਦੀਆਂ ਹਨ ਤੇ ਕਈ ਵਾਰ ਲੋਕ ਡਿੱਗ ਵੀ ਚੁੱਕੇ ਹਨ ਪਰ ਪ੍ਰਸ਼ਾਸਨ ਸਿਰਫ਼ ਭਰੋਸੇ ਹੀ ਦਿੰਦਾ ਆ ਰਿਹਾ ਹੈ।