ਭਾਰੀ ਮੀਂਹ ਕਾਰਨ ਹਾਈਵੇ ’ਤੇ ਵਾਪਰੇ ਹਾਦਸੇ, ਕਈ ਵਾਹਨ ਨੁਕਸਾਨੇ
ਭਾਰੀ ਮੀਂਹ ਕਾਰਨ ਹਾਈਵੇ ’ਤੇ ਵਾਪਰੇ ਸੜਕ ਹਾਦਸੇ, ਕਈ ਵਾਹਨ ਨੁਕਸਾਨੇ
Publish Date: Fri, 23 Jan 2026 08:37 PM (IST)
Updated Date: Fri, 23 Jan 2026 08:39 PM (IST)

-ਸੜਕ ਸੁਰੱਖਿਆ ਫੋਰਸ ਦੀ ਤੁਰੰਤ ਕਾਰਵਾਈ ਨਾਲ ਜਾਨੀ ਨੁਕਸਾਨ ਤੋਂ ਬਚਾਅ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ: ਜਲੰਧਰ-ਭੋਗਪੁਰ ਹਾਈਵੇ ’ਤੇ ਡੱਲੀ ਕੱਟ ਤੇ ਪਿੰਡ ਡੱਲੀ ਨੇੜੇ ਭਾਰੀ ਮੀਂਹ ਕਾਰਨ ਵੱਖ-ਵੱਖ ਹਾਦਸਿਆਂ ਦੌਰਾਨ ਕਈ ਵਾਹਨ ਨੁਕਸਾਨੇ ਗਏ। ਹਾਲਾਂਕਿ ਦੋਵਾਂ ਹਾਦਸਿਆਂ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਤੁਰੰਤ ਕਾਰਵਾਈ ਨਾਲ ਟ੍ਰੈਫਿਕ ਜਾਮ ਨੂੰ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਪਹਿਲਾ ਹਾਦਸਾ ਭੋਗਪੁਰ ਹਾਈਵੇ ’ਤੇ ਡੱਲੀ ਕੱਟ ਨੇੜੇ ਵਾਪਰਿਆ, ਜਿੱਥੇ ਵੈਗਨਆਰ ਕਾਰ, ਮਹਿੰਦਰਾ ਪਿਕਅੱਪ ਅਤੇ ਆਲਟੋ ਕਾਰ ਆਪਸ ’ਚ ਟਕਰਾ ਗਈਆਂ। ਐੱਸਐੱਸਐੱਫ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਗੇਹਲੜਾਂ, ਭੋਗਪੁਰ ਦਾ ਰਹਿਣ ਵਾਲਾ ਬਲਜੀਤ ਸਿੰਘ ਆਪਣੀ ਵੈਗਨਆਰ ਕਾਰ ਚਲਾ ਰਿਹਾ ਸੀ। ਉਹ ਕਿਸੇ ਦੀ ਉਡੀਕ ਵਿੱਚ ਸੜਕ ਕੰਢੇ ਚਾਰੋਂ ਇੰਡੀਕੇਟਰ ਜਗਾ ਕੇ ਖੜ੍ਹਾ ਹੋਇਆ ਸੀ ਕਿ ਪਿੱਛੋਂ ਆ ਰਹੀ ਇੱਕ ਮਹਿੰਦਰਾ ਪਿਕਅੱਪ ਨੇ ਵੈਗਨਆਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪਿੱਛੇ ਆ ਰਹੀ ਆਲਟੋ ਕਾਰ ਵੀ ਮਹਿੰਦਰਾ ਪਿਕਅੱਪ ਨਾਲ ਟਕਰਾ ਗਈ। ਹਾਦਸੇ ਵਿੱਚ ਤਿੰਨੇ ਵਾਹਨ ਨੁਕਸਾਨੇ ਗਏ, ਜਿਸ ਕਾਰਨ ਸੜਕ ’ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਤੇ ਪੈਦਲ ਯਾਤਰੀਆਂ ਨੂੰ ਸੜਕ ਪਾਰ ਕਰਨ ’ਚ ਮੁਸ਼ਕਲ ਆਈ। ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਭੋਗਪੁਰ ਅਧੀਨ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪੁੱਜੀ। ਏਐੱਸਆਈ ਰਣਧੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਸੁਰੱਖਿਆ ਕੋਨ ਲਗਾ ਕੇ ਤਿੰਨਾਂ ਵਾਹਨਾਂ ਨੂੰ ਸੜਕ ਦੇ ਇੱਕ ਪਾਸੇ ਕਰਵਾਇਆ ਅਤੇ ਟ੍ਰੈਫਿਕ ਜਾਮ ਕਲੀਅਰ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ। ਹਾਦਸੇ ਬਾਰੇ ਭੋਗਪੁਰ ਪੁਲਿਸ ਸਟੇਸ਼ਨ ਨੂੰ ਵੀ ਸੂਚਿਤ ਕੀਤਾ ਗਿਆ। ਦੂਜਾ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਜਲੰਧਰ-ਭੋਗਪੁਰ ਹਾਈਵੇਅ ’ਤੇ ਪਿੰਡ ਡੱਲੀ ਨੇੜੇ ਜਨਤਾ ਕਾਲਜ ਕੋਲ ਵਾਪਰਿਆ। ਇੱਥੇ ਤੇਜ਼ ਰਫ਼ਤਾਰ ਕਾਰਨ ਇਕ ਮਹਿੰਦਰਾ ਪਿਕਅੱਪ ਬੇਕਾਬੂ ਹੋ ਗਈ ਤੇ ਡਿਵਾਈਡਰ ’ਤੇ ਲੱਗੀ ਗਰਿੱਲ ਤੋੜ ਕੇ ਉਲਟ ਪਾਸੇ ਤੋਂ ਆ ਰਹੀ ਕੀਆ ਕਾਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਪਿਕਅੱਪ ਪਲਟ ਗਈ। ਇਸ ਹਾਦਸੇ ’ਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਵਾਹਨ ਕਾਫ਼ੀ ਨੁਕਸਾਨੇ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪੁੱਜੀ। ਐੱਸਐੱਸਐੱਫ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਮਹਿੰਦਰਾ ਪਿਕਅੱਪ ਦਾ ਡਰਾਈਵਰ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ, ਜਦੋਂ ਤੇਜ਼ ਰਫ਼ਤਾਰ ਤੇ ਭਿੱਜੀ ਸੜਕ ਕਾਰਨ ਵਾਹਨ ਸੰਤੁਲਨ ਗੁਆ ਬੈਠਾ। ਹਾਦਸੇ ਕਾਰਨ ਸੜਕ ਵਿਚਾਲੇ ਆਵਾਜਾਈ ਪ੍ਰਭਾਵਿਤ ਹੋਈ ਪਰ ਟੀਮ ਵੱਲੋਂ ਦੋਵੇਂ ਵਾਹਨਾਂ ਨੂੰ ਸੜਕ ਕੰਢੇ ਕਰਵਾ ਕੇ ਟ੍ਰੈਫਿਕ ਸੁਚਾਰੂ ਕਰ ਦਿੱਤਾ ਗਿਆ।