Road Accident : ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਪੰਜ ਵਿਅਕਤੀ ਗੰਭੀਰ ਜ਼ਖ਼ਮੀ
ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਨਜ਼ਦੀਕ ਬਿਜਲੀ ਘਰ ਦੇ ਸਾਹਮਣੇ ਦੋ ਕਾਰਾਂ ਦੀ ਟੱਕਰ ਵਿੱਚ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Mon, 23 Mar 2026 07:37 PM (IST)
Updated Date: Mon, 23 Mar 2026 07:42 PM (IST)
ਸੁਰਜੀਤ ਪਾਲ ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਨਜ਼ਦੀਕ ਬਿਜਲੀ ਘਰ ਦੇ ਸਾਹਮਣੇ ਦੋ ਕਾਰਾਂ ਦੀ ਟੱਕਰ ਵਿੱਚ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ, ਸਵੇਰੇ 8 ਵਜੇ ਦੇ ਕਰੀਬ ਰਾਏਪੁਰ ਰਸੂਲਪੁਰ ਅਤੇ ਕਾਹਨਪੁਰ ਦੇ ਵਿਚਕਾਰ ਦੋ ਕਾਰਾਂ ਦੀ ਟੱਕਰ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਉਪਰੰਤ ਐੱਸਐੱਸਐੱਫ ਟੀਮ ਮੌਕੇ 'ਤੇ ਪਹੁੰਚੀ। ਐੱਸਐੱਸਐੱਫ ਟੀਮ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਚਸ਼ਮਦੀਦਾਂ ਅਨੁਸਾਰ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ ਬੀ 21 0 JJ 6166 ਜਿਸ ਨੂੰ ਰੋਹਿਤ ਪੁੱਤਰ ਰਾਜੀਵ ਸ਼ਰਮਾ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ। ਉਹਨਾਂ ਦੱਸਿਆ ਕਿ ਸਵਿਫਟ ਕਾਰ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਉਸ ਦੀ ਕਾਰ ਪਹਿਲਾਂ ਅੱਗੇ ਜਾ ਰਹੀ ਟਰਾਲੀ ਨਾਲ ਟਕਰਾਈ ਜਿਸ ਕਰਕੇ ਸਵਿਫਟ ਕਾਰ ਦਾ ਸੰਤੁਲਨ ਵਿਗੜਨ ਕਾਰਨ ਪਿੱਛੇ ਤੋਂ ਆ ਰਹੀ ਇੱਕ ਹੋਰ ਗ੍ਰੈਂਡ ਆਈ ਟੈਨ ਕਾਰ ਨੰਬਰ ਪੀਬੀ 35 ਏਐਮ 3522 ਜਿਸ ਨੂੰ ਬਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਠਾਨਕੋਟ ਚਲਾ ਰਿਹਾ ਸੀ, ਦੇ ਸਾਹਮਣੇ ਆ ਗਿਆ ਜਿਸ ਕਾਰਨ ਦੋਹਾਂ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐੱਸਐੱਸਐੱਫ ਦੀ ਟੀਮ ਵੱਲੋਂ ਐਂਬੂਲੈਂਸ ਦੀ ਮਦਦ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਨੁਕਸਾਨੇ ਗਏ ਵਾਹਨਾਂ ਨੂੰ ਐੱਸਐੱਸਐੱਫ ਟੀਮ ਵੱਲੋਂ ਰਿਕਵਰੀ ਵੈਨ ਰਾਹੀਂ ਰੋਡ ਤੋਂ ਸਾਈਡ ਤੇ ਕਰਵਾਇਆ ਗਿਆ ਅਤੇ ਟਰੈਫਿਕ ਨੂੰ ਕੰਟਰੋਲ ਕਰਕੇ ਸੁਚਾਰੂ ਢੰਗ ਨਾਲ ਆਵਾਜਾਈ ਨੂੰ ਚਾਲੂ ਕੀਤਾ ਗਿਆ।
ਐੱਸਐੱਸਐੱਫ ਟੀਮ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਸਟੇਸ਼ਨ ਮਕਸੂਦਾਂ ਦੇ ਆਈਓ ਏਐੱਸਆਈ ਰਜਿੰਦਰ ਸਿੰਘ ਦੇ ਹਵਾਲੇ ਕੀਤਾ ਗਿਆ। ਐੱਸਐੱਸਐੱਫ ਵੱਲੋਂ ਹਾਦਸੇ ਦੌਰਾਨ ਸਵਿਫਟ ਗੱਡੀ ਦਾ ਬਰਾਮਦ ਹੋਇਆ ਸਾਰਾ ਸਾਮਾਨ ਉਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ।
ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਜਿਨਾਂ ਵਿੱਚ ਰੋਹਿਤ ਪੁੱਤਰ ਰਾਜੀਵ ਸ਼ਰਮਾ ਵਾਸੀ ਗੁਰਦਾਸਪੁਰ, ਪੂਨਮ ਪਤਨੀ ਰਜੇਸ਼ ਕੁਮਾਰ ਵਾਸੀ ਮੋਹਾਲੀ, ਰਾਜੇਸ਼ ਕੁਮਾਰ ਵਾਸੀ ਮੋਹਾਲੀ, ਸ਼ਨਾਇਆ ਅਤੇ ਮੀਨੂ ਦੋਵੇਂ ਪੁੱਤਰੀਆਂ ਰਜੇਸ਼ ਕੁਮਾਰ ਵਾਸੀ ਮੋਹਾਲੀ ਜ਼ਖ਼ਮੀ ਹੋਏ ਹਨ ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।