ਸਰਹਾਲ ਮੁੰਡੀ ਨੇੜੇ ਪਲਟਿਆ ਟੈਂਪੂ
ਸਰਹਾਲ ਮੁੰਡੀ ਨੇੜੇ ਸੜਕ ਹਾਦਸਾ: ਛੋਟਾ ਹਾਥੀ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
Publish Date: Fri, 10 Apr 2026 09:57 PM (IST)
Updated Date: Fri, 10 Apr 2026 09:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਮਕੁੰਦਪੁਰ-ਫਗਵਾੜਾ ਰੋਡ ’ਤੇ ਲੰਮੇ ਸਮੇਂ ਤੋਂ ਪਏ ਡੂੰਘੇ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਹ ਟੋਏ ਦੁਸਾਂਝ ਕਲਾਂ, ਕੋਟਲੀ ਖੱਖਿਆਂ, ਮੱਤਫਲੂ, ਵਿਰਕਾ ਤੇ ਹੋਰ ਪਿੰਡਾਂ ਤੱਕ ਪਏ ਹੋਏ ਹਨ। ਇਸ ਕਾਰਨ ਅੱਜ ਪਿੰਡ ਸਰਹਾਲ ਮੁੰਡੀ ਨੇੜੇ ਇਕ ਟੈਂਪੂ (ਨੰਬਰ ਪੀਬੀ-08-ਈਐੱਨ-0087) ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਹਨ ਦੁਸਾਂਝ ਕਲਾਂ ਵੱਲੋਂ ਮਕੁੰਦਪੁਰ ਸਾਈਡ ਜਾ ਰਿਹਾ ਸੀ ਕਿ ਸਰਹਾਲ ਮੁੰਡੀ ਕੋਲ ਸੜਕ ਤੋਂ ਹੇਠਾਂ ਉਤਰ ਗਿਆ। ਸੜਕ ਉੱਚੀ ਹੋਣ ਕਾਰਨ ਜਦੋਂ ਡਰਾਈਵਰ ਨੇ ਵਾਹਨ ਨੂੰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਹਨ ਅਚਾਨਕ ਬੇਕਾਬੂ ਹੋ ਕੇ ਖੱਬੇ ਪਾਸੇ ਪਲਟ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕੀਤੀ। ਸੂਚਨਾ ਮਿਲਣ ’ਤੇ 112 ਟੀਮ ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਵਾਹਨ ਨੂੰ ਸਿੱਧਾ ਕਰਵਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਇਸ ਸਬੰਧੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਪਏ ਟੋਏ ਜਲਦ ਭਰੇ ਜਾਣ।