ਜੰਡਿਆਲਾ ਮੰਜਕੀ ਨੇੜੇ ਸੜਕ ਹਾਦਸਾ, ਕਾਰ ਚਾਲਕ ਗੰਭੀਰ ਜ਼ਖ਼ਮੀ
ਜੰਡਿਆਲਾ ਮੰਜਕੀ ਨੇੜੇ ਸੜਕ ਹਾਦਸਾ, ਕਾਰ ਚਾਲਕ ਗੰਭੀਰ ਜਖਮੀ
Publish Date: Tue, 24 Mar 2026 10:43 PM (IST)
Updated Date: Tue, 24 Mar 2026 10:46 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਮੰਗਲਵਾਰ ਦੁਪਹਿਰ ਲਗਭਗ ਢਾਈ ਤੋਂ ਤਿੰਨ ਵਜੇ ਦੇ ਦਰਮਿਆਨ ਨਕੋਦਰ-ਜੰਡਿਆਲਾ ਰੋਡ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਐਕਸਯੂਵੀ 400 ਕਾਰ ਜਦੋਂ ਜੰਡਿਆਲਾ ਨਕੋਦਰ ਮੋੜ ਦੇ ਕੋਲ ਪਹੁੰਚੀ ਤਾਂ ਉਸਦੀ ਟੱਕਰ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਚਾਲਕ ਅੰਦਰ ਫਸ ਗਿਆ। ਸਥਾਨਕ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਚਾਲਕ ਨੂੰ ਗੱਡੀ ’ਚੋਂ ਬਾਹਰ ਕੱਢਿਆ। ਜ਼ਖ਼ਮੀ ਚਾਲਕ ਦੀ ਪਛਾਣ ਹਨੀ ਪੁੱਤਰ ਬਹਾਦਰ ਸਿੰਘ ਵਾਸੀ ਜੰਡਿਆਲਾ ਵਜੋਂ ਹੋਈ ਹੈ, ਜਿਸ ਨੂੰ ਸਿਰ ’ਤੇ ਗੰਭੀਰ ਚੋਟਾਂ ਲੱਗੀਆਂ ਹਨ। ਮੌਕੇ ’ਤੇ ਮੌਜੂਦ ਬੱਸ ਸਵਾਰੀਆਂ ਮੁਤਾਬਕ ਕਾਰ ਚਾਲਕ ਤੇਜ਼ ਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਜ਼ਖ਼ਮੀ ਨੂੰ ਤੁਰੰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਸਬੰਧੀ ਜੰਡਿਆਲਾ ਚੌਕੀ ਦੇ ਇੰਚਾਰਜ ਜਸਵੀਰ ਚੰਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ।