ਗਲਤ ਦਵਾਈ ਨਿਪਟਾਰੇ ਨਾਲ ਏਐੱਮਆਰ ਦਾ ਖ਼ਤਰਾ ਵੱਧ ਰਿਹਾ
ਗਲਤ ਦਵਾਈ ਨਿਪਟਾਰੇ ਨਾਲ ਏਐੱਮਆਰ ਦਾ ਖ਼ਤਰਾ ਵੱਧ ਰਿਹਾ
Publish Date: Sun, 08 Feb 2026 07:55 PM (IST)
Updated Date: Sun, 08 Feb 2026 07:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਂਟੀਮਾਈਕ੍ਰੋਬੀਅਲ ਰੋਧ (ਏਐੱਮਆਰ) ਦੇਸ਼ ਲਈ ਇੱਕ ਗੰਭੀਰ ਜਨ ਸਿਹਤ ਚੁਣੌਤੀ ਬਣ ਚੁੱਕੀ ਹੈ। ਮਾਹਿਰਾਂ ਦੇ ਮੁਤਾਬਿਕ ਘਰਾਂ ’ਚ ਬਚੀਆਂ ਜਾਂ ਮਿਆਦ ਪੂਰੀ ਹੋ ਚੁੱਕੀਆਂ ਐਂਟੀਬਾਇਓਟਿਕ ਦਵਾਈਆਂ ਦਾ ਗਲਤ ਨਿਪਟਾਰਾ, ਹਸਪਤਾਲਾਂ ਤੋਂ ਨਿਕਲਣ ਵਾਲਾ ਅਣ-ਸੰਕ੍ਰਮਿਤ ਮੈਡੀਕਲ ਕੂੜਾ ਤੇ ਦਵਾਈ ਫੈਕਟਰੀਆਂ ਵੱਲੋਂ ਬਿਨਾਂ ਟਰੀਟਮੈਂਟ ਛੱਡਿਆ ਗਿਆ ਦਵਾਈ-ਮਿਸ਼੍ਰਿਤ ਗੰਦਾ ਪਾਣੀ-ਇਹ ਸਭ ਏਐੱਮਆਰ ਨੂੰ ਵਧਾਉਣ ਦੇ ਵੱਡੇ ਕਾਰਨ ਹਨ। ਇਹ ਰਸਾਇਣ ਤੇ ਬੈਕਟੀਰੀਆ ਨਾਲੀਆਂ, ਮਿੱਟੀ ਤੇ ਜਲ ਸਰੋਤਾਂ ’ਚ ਮਿਲ ਕੇ ਪੀਣ ਵਾਲੇ ਪਾਣੀ ਤੇ ਹਵਾ ਰਾਹੀਂ ਮਨੁੱਖੀ ਸਰੀਰ ਤਕ ਪਹੁੰਚ ਜਾਂਦੇ ਹਨ। ਜਲੰਧਰ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਵੱਡੇ ਹਸਪਤਾਲਾਂ ’ਚ ਤਾਂ ਬਾਇਓ-ਮੈਡੀਕਲ ਵੇਸਟ ਲਈ ਅਧਿਕ੍ਰਿਤ ਏਜੰਸੀਆਂ ਨਾਲ ਕਰਾਰ ਕੀਤਾ ਗਿਆ ਹੈ, ਪਰ ਛੋਟੇ ਨਿੱਜੀ ਹਸਪਤਾਲਾਂ, ਕਲੀਨਿਕਾਂ ਤੇ ਨਰਸਿੰਗ ਹੋਮਾਂ ’ਚ ਨਿਯਮਾਂ ਦੀ ਪਾਲਣਾ ਅਧੂਰੀ ਨਜ਼ਰ ਆਉਂਦੀ ਹੈ। ਕੁਝ ਹਸਪਤਾਲ ਪਰਿਸਰਾਂ ਦੇ ਆਲੇ-ਦੁਆਲੇ ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ’ਤੇ ਆਮ ਤੇ ਮੈਡੀਕਲ ਕੂੜੇ ਦੀ ਸਪਸ਼ਟ ਛਾਂਟ ਨਹੀਂ ਦਿੱਖੀ। ਕਈ ਥਾਵਾਂ ’ਤੇ ਐਕਸਪਾਇਰ ਦਵਾਈਆਂ ’ਤੇ ਵਰਤਿਆ ਹੋਇਆ ਮੈਡੀਕਲ ਸਾਮਾਨ ਅਸਥਾਈ ਤੌਰ ’ਤੇ ਖੁੱਲ੍ਹੇ ’ਚ ਰੱਖੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਸਥਿਤੀ ਇਹ ਹੈ ਕਿ ਸਿਵਲ ਹਸਪਤਾਲ ਦੇ ਕੂੜੇ ਦੇ ਢੇਰ ’ਚ ਖੂਨ ਨਾਲ ਲੱਥਪੱਥ ਰੂਈ ਤੇ ਪੱਟੀਆਂ, ਕਈ ਵਾਰ ਮਾਸ ਦੇ ਟੁਕੜੇ ’ਤੇ ਵਰਤੀਆਂ ਹੋਈਆਂ ਸਿਰੰਜਾਂ ਮਿਲਣਾ ਆਮ ਗੱਲ ਹੈ। ਇਹ ਬਾਇਓ-ਮੈਡੀਕਲ ਵੇਸਟ ਵੀ ਆਮ ਕੂੜੇ ਨਾਲ ਨਗਰ ਨਿਗਮ ਦੀ ਗੱਡੀ ਚੁੱਕ ਕੇ ਲੈ ਜਾਂਦੀ ਹੈ। ਡਿਊਟੀ ’ਤੇ ਤਾਇਨਾਤ ਸਟਾਫ ਦੀ ਅਣਦੇਖੀ ਕਾਰਨ ਸਿਵਲ ਹਸਪਤਾਲ ਦੇ ਵਾਰਡਾਂ ’ਚ ਵੀ ਖੂਨ ਨਾਲ ਲੱਥਪੱਥ ਰੂਈ ਤੇ ਪੱਟੀਆਂ ਡਸਟਬਿਨਾਂ ’ਚ ਮਿਲ ਜਾਂਦੀਆਂ ਹਨ, ਹਾਲਾਂਕਿ ਨੀਤੀਆਂ ਅਨੁਸਾਰ ਵਾਰਡਾਂ ’ਚ ਬਾਇਓ-ਮੈਡੀਕਲ ਵੇਸਟ ਲਈ ਰੰਗਦਾਰ ਡਸਟਬਿਨ ਮੌਜੂਦ ਹਨ। ਉੱਥੇ ਹੀ ਘਰਾਂ ’ਚ ਬਚੀਆਂ ਜਾਂ ਮਿਆਦ ਪੂਰੀ ਹੋ ਚੁੱਕੀਆਂ ਦਵਾਈਆਂ ਲਈ ਔਪਚਾਰਿਕ ਕੁਲੈਕਸ਼ਨ ਸਿਸਟਮ ਦੀ ਕਮੀ ਹਾਲੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਲੋਕ ਇਨ੍ਹਾਂ ਨੂੰ ਨਾਲੀਆਂ, ਟਾਇਲਟ ਜਾਂ ਖੁੱਲ੍ਹੇ ਕੂੜੇ ’ਚ ਸੁੱਟ ਕੇ ਏਐੱਮਆਰ ਨੂੰ ਵਧਾਵਾ ਦੇ ਰਹੇ ਹਨ। ਜਦਕਿ ਇਹ ਦਵਾਈਆਂ ਫਾਰਮੇਸੀ ਟੇਕ-ਬੈਕ ਜਾਂ ਅਧਿਕ੍ਰਿਤ ਕਲੈਕਸ਼ਨ ਪੁਆਇੰਟਾਂ ’ਤੇ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਦੀ ਵਿਵਸਥਾ ਲਗਭਗ ਨਾਹ ਕੇ ਬਰਾਬਰ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਹਸਪਤਾਲ ’ਚ ਬਾਇਓ-ਮੈਡੀਕਲ ਵੇਸਟ ਰੱਖਣ ਲਈ ਵੱਖਰਾ ਕਮਰਾ ਬਣਾਇਆ ਗਿਆ ਹੈ। ਉੱਥੋਂ ਨਿੱਜੀ ਏਜੰਸੀ ਬਾਇਓ-ਮੈਡੀਕਲ ਵੇਸਟ ਚੁੱਕ ਕੇ ਲੈ ਜਾਂਦੀ ਹੈ। ਇਸ ਦਾ ਸਾਰਾ ਲੇਖਾ-ਜੋਖਾ ਕੰਪਨੀ ਆਨਲਾਈਨ ਅਪਡੇਟ ਕਰਦੀ ਹੈ। ਕੂੜੇ ਦੇ ਢੇਰ ’ਚ ਬਾਇਓ-ਮੈਡੀਕਲ ਵੈਸਟ ਮਿਲਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ। ਪਿਮਸ ਦੇ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਮਸ ’ਚ ਰੋਜ਼ਾਨਾ ਕਰੀਬ 250 ਮਰੀਜ਼ ਵਾਰਡਾਂ ’ਚ ਦਾਖਲ ਰਹਿੰਦੇ ਹਨ। ਹਰ ਰੋਜ਼ ਨਿੱਜੀ ਏਜੰਸੀ ਦੀ ਗੱਡੀ ਲਗਭਗ 2500 ਕਿਲੋਗ੍ਰਾਮ ਬਾਇਓ-ਮੈਡੀਕਲ ਵੈਸਟ ਨਿਪਟਾਰੇ ਲਈ ਲੈ ਜਾਂਦੀ ਹੈ। ਇਸ ਦਾ ਪੂਰਾ ਲੇਖਾ-ਜੋਖਾ ਨਿੱਜੀ ਏਜੰਸੀ ਆਨਲਾਈਨ ਦਿੰਦੀ ਹੈ। ਏਜੰਸੀ ਵੱਲੋਂ ਬਾਇਓ-ਮੈਡੀਕਲ ਵੈਸਟ ਵਾਲੇ ਬੈਗਾਂ ’ਤੇ ਬਾਰਕੋਡ ਲੱਗੇ ਹੁੰਦੇ ਹਨ, ਜਿਸ ਨਾਲ ਪਤਾ ਲੱਗਦਾ ਹੈ ਕਿ ਬੈਗ ਕਿਸ ਹਸਪਤਾਲ ਤੋਂ ਲੈ ਕੇ ਜਾਏ ਜਾ ਰਹੇ ਹਨ। ਪਿਮਸ ’ਚ ਬਾਇਓ-ਮੈਡੀਕਲ ਵੈਸਟ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਨੀਤੀਆਂ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਂਦੀ ਹੈ। ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਸਹਿਗਲ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਘਰਾਂ ਤੇ ਦਵਾਈਆਂ ਦੀਆਂ ਦੁਕਾਨਾਂ ਤੋਂ ਨਿਕਲਣ ਵਾਲੀਆਂ ਐਕਸਪਾਇਰ ਦਵਾਈਆਂ ਦੇ ਨਿਪਟਾਰੇ ਲਈ ਰਜਿਸਟ੍ਰੇਸ਼ਨ ਸਬੰਧੀ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਹਰ ਇਲਾਕੇ ’ਚ ਕੁਝ ਕੈਮਿਸਟਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ। ਉਨ੍ਹਾਂ ਦੇ ਆਲੇ-ਦੁਆਲੇ ਦੇ ਕੈਮਿਸਟ ਹਫ਼ਤੇ ’ਚ ਇਕ ਵਾਰ ਬਾਇਓ-ਮੈਡੀਕਲ ਵੈਸਟ ਸਬੰਧਿਤ ਸੈਂਟਰ ‘ਚ ਪਹੁੰਚਾਉਂਦੇ ਹਨ, ਜਿੱਥੋਂ ਨਿੱਜੀ ਏਜੰਸੀ ਇਸ ਨੂੰ ਲੈ ਜਾ ਕੇ ਨਿਪਟਾਰਾ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਘਰ ’ਚ ਐਕਸਪਾਇਰ ਦਵਾਈਆਂ ਜਾਂ ਕਿਸੇ ਮਰੀਜ਼ ਦੀਆਂ ਪੱਟੀਆਂ ਆਦਿ ਬਾਇਓ-ਮੈਡੀਕਲ ਵੇਸਟ ਨਿਕਲਦੀ ਹੈ ਤਾਂ ਉਹ ਆਪਣੇ ਇਲਾਕੇ ਦੇ ਕੈਮਿਸਟਾਂ ਨਾਲ ਸੰਪਰਕ ਕਰ ਕੇ ਉੱਥੇ ਜਮ੍ਹਾਂ ਕਰਵਾ ਸਕਦੇ ਹਨ।