ਔਰਤਾਂ ਦੀ ਸੁਰੱਖਿਆ ਦੀ ਉਦਯੋਗ ਜਗਤ ਦੀ ਸਾਂਝੀ ਜ਼ਿੰਮੇਵਾਰੀ : ਸ਼ਰਮਾ
ਮਹਿਲਾ ਮਜ਼ਦੂਰਾਂ ਦੇ ਪੋਸ਼ਣ, ਆਮਦਨ, ਸਨਮਾਨ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਝੀ : ਸੁਨੀਲ ਸ਼ਰਮਾ
Publish Date: Mon, 09 Mar 2026 07:23 PM (IST)
Updated Date: Mon, 09 Mar 2026 07:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਕੋਆਰਡੀਨੇਟਰ ਸੁਨੀਲ ਸ਼ਰਮਾ ਨੇ ਕਿਹਾ ਕਿ ਸਮਾਜ ਤੇ ਉਦਯੋਗਾਂ ਦੇ ਵਿਕਾਸ ’ਚ ਮਹਿਲਾ ਮਜ਼ਦੂਰਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮਜ਼ਦੂਰਾਂ ਦੇ ਪੋਸ਼ਣ, ਆਮਦਨ, ਸਨਮਾਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਮਾਜ ਤੇ ਉਦਯੋਗ ਜਗਤ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ’ਚ ਔਰਤਾਂ ਫੈਕਟਰੀਆਂ ’ਚ ਪੈਕਿੰਗ, ਸਫਾਈ, ਹਲਕੇ ਨਿਰਮਾਣ ਕੰਮ, ਕਨਸਟਰਕਸ਼ਨ ਤੇ ਹੋਰ ਸਹਾਇਕ ਕੰਮਾਂ ’ਚ ਮਿਹਨਤ ਨਾਲ ਜੁਟੀਆਂ ਹੋਈਆਂ ਹਨ। ਕਈ ਥਾਵਾਂ ’ਤੇ ਔਰਤਾਂ-ਮਰਦਾਂ ਦੇ ਬਰਾਬਰ, ਕਈ ਵਾਰ ਉਨ੍ਹਾਂ ਨਾਲੋਂ ਵੱਧ ਮਿਹਨਤ ਕਰਦੀਆਂ ਨਜ਼ਰ ਆਉਂਦੀਆਂ ਹਨ ਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸੁਨੀਲ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਮਜ਼ਦੂਰ ਦਿਹਾਡ਼ੀ ’ਤੇ ਕੰਮ ਕਰਦੀਆਂ ਹਨ। ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਘਰ ਜਾ ਕੇ ਬੱਚਿਆਂ ਦੀ ਦੇਖਭਾਲ, ਪੜ੍ਹਾਈ-ਲਿਖਾਈ ਤੇ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਕਈਆਂ ਨੂੰ ਕੰਮ ’ਤੇ ਆਉਣ-ਜਾਣ ਲਈ ਲੰਮੀ ਦੂਰੀ ਤੱਕ ਪੈਦਲ ਵੀ ਜਾਂਦੀਆਂ ਹਨ, ਜੋ ਉਨ੍ਹਾਂ ਦੀ ਮਿਹਨਤ ਤੇ ਸੰਘਰਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮਜ਼ਦੂਰਾਂ ਲਈ ਸੁਰੱਖਿਅਤ ਕਾਰਜ-ਵਾਤਾਵਰਨ, ਉਚਿਤ ਤਨਖ਼ਾਹ, ਸਿਹਤ ਸਹੂਲਤਾਂ ਤੇ ਸਨਮਾਨਜਨਕ ਵਿਵਹਾਰ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਡਿਲਾਈਟ ਇੰਡਸਟਰੀਜ਼ ਦੀ ਸੀਈਓ ਪੂਜਾ ਸ਼ਰਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਉਹਨਾਂ ਮਹਿਲਾਵਾਂ ਦੇ ਸੰਘਰਸ਼ ਤੇ ਯੋਗਦਾਨ ਨੂੰ ਸਨਮਾਨ ਦੇਣ ਦਾ ਮੌਕਾ ਹੈ ਜੋ ਹਰ ਰੋਜ਼ ਮਿਹਨਤ ਕਰਕੇ ਆਪਣੇ ਪਰਿਵਾਰ ਤੇ ਸਮਾਜ ਨੂੰ ਅੱਗੇ ਵਧਾ ਰਹੀਆਂ ਹਨ। ਇਸ ਦੌਰਾਨ ਉਦਯੋਗ ਜਗਤ ਨਾਲ ਜੁੜੇ ਅਰੁਣ ਸ਼ਰਮਾ, ਗੌਤਮ ਸ਼ਰਮਾ, ਵਿਸ਼ਾਲ ਸੇਖੜੀ, ਰਮਨ ਅਰੋੜਾ, ਦਿਆਲ ਲਾਲ ਧਮੀਜਾ, ਰਾਹੁਲ ਬੱਤਰਾ ਤੇ ਅਮਨ ਚਾਵਲਾ ਸਮੇਤ ਹੋਰ ਪ੍ਰਤੀਨਿਧੀ ਵੀ ਮੌਜੂਦ ਰਹੇ ਤੇ ਮਹਿਲਾ ਮਜ਼ਦੂਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।