ਰਾਜਪਾਲ ਵੱਲੋਂ ਦਿਵਿਆ ਜਯੋਤੀ ਸੰਸਥਾਨ ਦੇ ਕਾਰਜਾਂ ਦੀ ਸ਼ਲਾਘਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਪ੍ਰਤੀਨਿਧੀਆਂ ਦੀ ਗੁਲਾਬ ਚੰਦ ਕਟਾਰੀਆ ਨਾਲ ਰਾਜਭਵਨ ਚੰਡੀਗੜ੍ਹ ’ਚ ਸ਼ਿਸ਼ਟਾਚਾਰ ਭੇਟ
Publish Date: Thu, 26 Feb 2026 06:27 PM (IST)
Updated Date: Thu, 26 Feb 2026 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਤੇ ਸੰਚਾਲਕ ਆਸ਼ੁਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਸੱਜਨਾਨੰਦ ਤੇ ਸਵਾਮੀ ਸਤਬੀਰਾਨੰਦ ਨੇ ਗੁਲਾਬ ਚੰਦ ਕਟਾਰੀਆ ਨਾਲ ਰਾਜਭਵਨ ਚੰਡੀਗੜ੍ਹ ਵਿਖੇ ਭੇਟ ਕੀਤੀ। ਮੁਲਾਕਾਤ ਆਧਿਆਤਮਿਕ ਮਾਹੌਲ ’ਚ ਸੰਪੰਨ ਹੋਈ। ਮੁਲਾਕਾਤ ਦੌਰਾਨ ਸਵਾਮੀ ਨੇ ਰਾਜਪਾਲ ਨੂੰ ਸੰਸਥਾਨ ਵੱਲੋਂ ਦੇਸ਼-ਵਿਦੇਸ਼ ’ਚ ਚਲਾਈਆਂ ਜਾ ਰਹੀਆਂ ਵੱਖ-ਵੱਖ ਆਧਿਆਤਮਿਕ ਤੇ ਸਮਾਜਿਕ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾਨ ਮਨੁੱਖਤਾ ਦੀ ਭਲਾਈ ਲਈ ਆਧਿਆਤਮਿਕ ਜਾਗਰਣ, ਨੈਤਿਕ ਸਿੱਖਿਆ, ਨਸ਼ਾ ਮੁਕਤੀ ਅਭਿਆਨ, ਮਹਿਲਾ ਸਸ਼ਕਤੀਕਰਨ, ਯੁਵਾ ਜਾਗਰੂਕਤਾ ਪ੍ਰੋਗਰਾਮ, ਪਰਿਆਵਰਣ ਸੰਰੱਖਣ ਤੇ ਦੇਸੀ ਗਉਵੰਸ਼ ਦੇ ਰੱਖਿਆ ਤੇ ਸਾਂਭ-ਸੰਭਾਲ ਵਰਗੇ ਕਈ ਸੇਵਾ ਪ੍ਰਕਲਪ ਚਲਾ ਰਿਹਾ ਹੈ। ਸੰਸਥਾਨ ਦਾ ਉਦੇਸ਼ ਆਧਿਆਤਮਿਕ ਮੁੱਲਾਂ ਦੀ ਪੁਨਰਸਥਾਪਨਾ ਕਰਕੇ ਇਕ ਜਾਗਰੂਕ, ਸਸ਼ਕਤ ਤੇ ਸੰਸਕਾਰੀ ਰਾਸ਼ਟਰ ਦਾ ਨਿਰਮਾਣ ਕਰਨਾ ਹੈ। ਰਾਜਪਾਲ ਕਟਾਰੀਆ ਨੇ ਸੰਸਥਾਨ ਦੀਆਂ ਸੇਵਾਭਾਵੀ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਧਿਆਤਮਿਕ ਤੇ ਸਮਾਜਿਕ ਉਪਰਾਲੇ ਸਮਾਜ ’ਚ ਸਕਾਰਾਤਮਕ ਬਦਲਾਅ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਖਾਸ ਤੌਰ ’ਤੇ ਯੁਵਾਵਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਨੂੰ ਸੰਸਕਾਰੀ ਤੇ ਜਾਗਰੂਕ ਬਣਾਉਣ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਸਰਾਹਨਾ ਕੀਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਭੇਟ ਦੇ ਅੰਤ ’ਚ ਸਵਾਮੀ ਨੇ ਰਾਜਪਾਲ ਮਹੋਦਯ ਨੂੰ ਸੰਸਥਾਨ ਦੇ ਆਗਾਮੀ ਪ੍ਰੋਗਰਾਮਾਂ ਲਈ ਸੱਦਾ ਪੱਤਰ ਦਿੱਤਾ। ਇਹ ਭੇਟ ਮੁਲਾਕਾਤ ਪਰਸਪਰ ਸਦਭਾਵਨਾ, ਸਹਿਯੋਗ ਤੇ ਸਮਾਜ ਕਲਿਆਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਵਾਲੀ ਸਾਬਤ ਹੋਈ।