ਬੁੱਢਾ ਦਰਿਆ ’ਤੇ ਧਾਰਮਿਕ ਆਗੂਆਂ ਨੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਦਿੱਤਾ ਸੱਦਾ
ਬੁੱਢੇ ਦਰਿਆ ‘ਤੇ ਧਾਰਮਿਕ ਆਗੂਆਂ ਨੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਦਿੱਤਾ ਸੱਦਾ ਸੰਤ
Publish Date: Sun, 12 Apr 2026 07:52 PM (IST)
Updated Date: Mon, 13 Apr 2026 04:16 AM (IST)

- ਸੰਤ ਸੀਚੇਵਾਲ ਦੇ ਯਤਨਾਂ ਦੀ ਕੀਤੀ ਸ਼ਲਾਘਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬੁੱਢੇ ਦਰਿਆ ਦਾ ਸਾਫ਼ ਪਾਣੀ ਲੁਧਿਆਣਾ ਦੀ ਹਦੂਦ ਤੱਕ ਪਹੁੰਚਣ ’ਤੇ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ ਨੇ ਸੰਗਤਘਾਟ ’ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਬੁੱਢੇ ਦਰਿਆ ਦੇ ਸਾਫ਼ ਹੋਏ ਪਾਣੀ ਨੂੰ ਸਿੱਜਦਾ ਕੀਤਾ। ਧਾਰਮਿਕ ਸ਼ਖ਼ਸੀਅਤਾਂ ਨੇ ਇੱਕਸੁਰ ਹੁੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਬੁੱਢੇ ਦਰਿਆ ਦੀ ਕੀਤੀ ਅਣਥੱਕ ਕਾਰਸੇਵਾ ਨੇ ਲੁਧਿਆਣਾ ਵਾਸੀਆਂ ਨੂੰ ਪਿਛਲੇ ਸਾਲ ਹੜ੍ਹ ਤੋਂ ਬਚਾਅ ਲਿਆ ਸੀ। ਸ਼ਾਹੀ ਇਮਾਮ ਲੁਧਿਆਣਵੀ ਨੇ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆ ਉਮੀਦ ਪ੍ਰਗਟਾਈ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਲਦੀ ਗੁਰਦੁਆਰਾ ਗਾਊਘਾਟ ਵਿਖੇ ਇੱਕਠੇ ਹੋ ਕੇ ਬੁੱਢੇ ਦਰਿਆ ਦੇ ਸਾਫ਼ ਪਾਣੀ ਦਾ ਆਨੰਦ ਮਾਣਾਗੇ। ਧਾਰਮਿਕ ਸ਼ਖ਼ਸੀਅਤਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੁੱਢੇ ਦਰਿਆ ਦਾ ਦੂਸ਼ਿਤ ਪਾਣੀ ਮਾਲਵੇ ਦੇ ਧਾਰਮਿਕ ਅਸਥਾਨਾਂ ’ਚ ਵਰਤਿਆ ਜਾ ਰਿਹਾ ਹੈ ਤੇ ਲੁਧਿਆਣਾ ਦੇ ਡੇਅਰੀਆਂ ਤੇ ਫੈਕਟਰੀਆਂ ਵਾਲੇ ਇਸ ’ਚ ਗੋਬਰ ਤੇ ਜ਼ਹਿਰੀਲਾ ਪਾਣੀ ਪਾ ਰਹੇ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਮੁਨਾਫ਼ੇ ਦੀ ਹੋੜ ’ਚ ਏਨਾ ਗੁਆਚ ਗਏ ਹਾਂ ਕਿ ਆਪਣੇ ਹੀ ਭੈਣ-ਭਰਾਵਾਂ ਨੂੰ ਆਪਣਾ ਤੇ ਪਸ਼ੂਆਂ ਦਾ ਮਲ-ਮੂਤਰ ਪਿਆਉਣ ਲਈ ਮਜਬੂਰ ਕਰ ਰਹੇ ਹਨ। ਇਸ ਮੌਕੇ ਆਈਆਂ ਧਾਰਮਿਕ ਸ਼ਖ਼ਸੀਅਤਾਂ ਨੇ ਜਿੱਥੇ ਦਰਿਆ ਕਿਨਾਰੇ ਬੂਟੇ ਲਾਏ ਉਥੇ ਪ੍ਰਣ ਕੀਤਾ ਕਿ ਉਹ ਦਰਿਆ ਨੂੰ ਸਾਫ਼ ਰੱਖਣ ’ਚ ਆਪਣਾ ਬਣਦਾ ਯੋਗਦਾਨ ਪਾਉਣਗੇ। ਸੰਤ ਸੀਚੇਵਾਲ ਨੇ ਲੁਧਿਆਣੇ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਬੁੱਢੇ ਦਰਿਆ ਨੂੰ ਵਲੀਪੁਰ ਕਲਾਂ ਤੱਕ ਸਾਫ਼ ਕਰਨ ਲਈ ਸਹਿਯੋਗ ਦੇਣ ਤਾਂ ਜੋ ਅਗਲੀ ਵਿਸਾਖੀ ਗੁਰਦੁਆਰਾ ਗਾਊਘਾਟ ‘ਤੇ ਮਨਾਈ ਜਾ ਸਕੇ। ਇਸ ਧਾਰਮਿਕ ਸਮਾਗਮ ਵਿੱਚ ਪੰਡਵਾਂ ਤੋਂ ਸੰਤ ਗੁਰਚਰਨ ਸਿੰਘ, ਖੁਖਰੈਣ ਤੋਂ ਸੰਤ ਅਮਰੀਕ ਸਿੰਘ, ਨਿਰਮਲ ਸਿੰਘ ਭੱਟੀ, ਬਲਬੀਰ ਸਿੰਘ ਪ੍ਰਧਾਨ, ਜੱਥੇਦਾਰ ਮਨਜੀਤ ਸਿੰਘ, ਰਾਜਵੰਤ ਸਿੰਘ, ਸੰਤ ਬੱਗਾ ਸਿੰਘ ਵਿਰਕ ਬਰਸਾਲਾ, ਬਾਬਾ ਦੀਪਕ ਸਿੰਘ ਦੌਧਰ, ਸੰਤ ਸਿੰਘ ਸੰਗੋਵਾਲ ਅਤੇ ਸੰਤ ਹਰਮਨ ਸਿੰਘ ਖਾਸੀ ਕਲਾਂ ਸਮੇਤ ਅਨੇਕਾਂ ਧਾਰਮਿਕ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਸਟੇਜ ਦਾ ਸੰਚਲਾਨ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਕੀਤਾ। ਇਸ ਮੌਕੇ ਵੱਖ ਪਿੰਡ ਤੋਂ ਪੰਚ ਸਰਪੰਚ ਸਹਿਬਾਨਾਂ ਸਮੇਤ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।