ਧਾਰਮਿਕ ਬੋਰਡ ਦੀ ਭੰਨ-ਤੋੜ, ਤਣਾਅ ਟਲ਼ਿਆ
ਕਪੂਰਥਲਾ ਚੌਕ 'ਤੇ ਧਾਰਮਿਕ ਬੋਰਡ ਦੀ ਭੰਨਤੋੜ
Publish Date: Fri, 06 Feb 2026 06:51 PM (IST)
Updated Date: Fri, 06 Feb 2026 06:56 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਕਪੂਰਥਲਾ ਚੌਕ ਇਲਾਕੇ ’ਚ ਬੀਤੀ ਦੇਰ ਰਾਤ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਵਾਲੇ ਇਕ ਧਾਰਮਿਕ ਬੋਰਡ ਦੀ ਭੰਨਤੋੜ ਕੀਤੀ ਗਈ ਹੈ। ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ’ਚ ਭੀੜ ਇਕੱਠੀ ਹੋ ਗਈ ਤੇ ਕੁਝ ਦੇਰ ਲਈ ਸਥਿਤੀ ਤਣਾਅਪੂਰਨ ਹੋ ਗਈ। ਚਸ਼ਮਦੀਦਾਂ ਅਨੁਸਾਰ, ਇਕ ਵਿਅਕਤੀ ਬੋਰਡ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੋਕਾ ਨੇ ਉਸਨੂੰ ਜਲਦੀ ਹੀ ਕਾਬੂ ਕਰ ਲਿਆ। ਸੂਚਨਾ ਮਿਲਣ ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਨੰਬਰ 2 ਤੋਂ ਸਬ-ਇੰਸਪੈਕਟਰ ਜਸਵੀਰ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਦੇ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਅਸ਼ੋਕ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਨਸ਼ੇ ਦੀ ਹਾਲਤ ’ਚ ਸੀ ਤੇ ਬੋਰਡ ਦੇ ਆਲੇ-ਦੁਆਲੇ ਲੱਗੀ ਲੋਹੇ ਦੀ ਪਾਈਪ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਪੁਲਿਸ ਇਸ ਦਾਅਵੇ ਦੀ ਪੁਸ਼ਟੀ ਕਰ ਰਹੀ ਹੈ ਤੇ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਜਿਵੇਂ ਹੀ ਧਾਰਮਿਕ ਹੋਰਡਿੰਗ ਨੂੰ ਨੁਕਸਾਨ ਪਹੁੰਚਾਉਣ ਦੀ ਖ਼ਬਰ ਫੈਲੀ, ਕਪੂਰਥਲਾ ਚੌਕ ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਸਥਾਨਕ ਨਾਗਰਿਕਾਂ ਤੇ ਪੁਲਿਸ ਦੀ ਸੂਝ-ਬੂਝ ਕਾਰਨ ਸਥਿਤੀ ਨੂੰ ਕਾਬੂ ’ਚ ਕਰ ਲਿਆ ਗਿਆ। ਪੁਲਿਸ ਨੇ ਜਨਤਾ ਨੂੰ ਸੰਜਮ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਸਥਿਤੀ ਸ਼ਾਂਤ ਹੋ ਗਈ। ਸਥਾਨਕ ਨਿਵਾਸੀਆਂ ਨੇ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਸ਼ਹਿਰ ਦੇ ਆਪਸੀ ਭਾਈਚਾਰੇ ਤੇ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਸਪੱਸ਼ਟ ਕੀਤਾ ਕਿ ਮਾਮਲਾ ਧਿਆਨ ’ਚ ਹੈ ਤੇ ਜਾਂਚ ਤੋਂ ਬਾਅਦ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।