24 ਮਾਰਚ ਤੋਂ ਪਹਿਲਾਂ ਬੁਕਿੰਗ ਕਰਵਾਉਣ ਵਾਲਿਆਂ ’ਤੇ ਲਾਗੂ ਨਹੀਂ ਹੋਣਗੇ ਨਵੇਂ ਨਿਯਮ
ਰਾਹਤ : 24 ਮਾਰਚ ਤੋਂ ਪਹਿਲਾਂ ਬੁਕਿੰਗ ਕਰਵਾਉਣ ਵਾਲਿਆਂ 'ਤੇ ਨਵੀਂ ਵਿਵਸਥਾ ਲਾਗੂ ਨਹੀਂ ਹੋਵੇਗੀ
Publish Date: Wed, 25 Mar 2026 08:41 PM (IST)
Updated Date: Wed, 25 Mar 2026 08:44 PM (IST)

-ਡੀਬੀਸੀ ਉਪਭੋਗਤਾਵਾਂ ਲਈ ਬੁਕਿੰਗ 35 ਦਿਨ ਤੇ ਸੀਬੀਸੀ ਲਈ 25 ਦਿਨ ਤੈਅ, ਗੈਸ ਏਜੰਸੀਆਂ ਤੇ ਜਾਣਕਾਰੀ ਲੈਣ ਲਈ ਲੋਕਾਂ ਦੀ ਭੀੜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਿੰਨਾਂ ਤੇਲ ਕੰਪਨੀਆਂ ਵੱਲੋਂ ਡੀਬੀਸੀ (ਡਬਲ ਬੁਕਿੰਗ ਸਿਲੰਡਰ) ਕੁਨੈਕਸ਼ਨ ਵਾਲੇ ਖਪਤਕਾਰਾਂ ਲਈ ਗੈਸ ਸਿਲੰਡਰ ਦੀ ਡਲਿਵਰੀ ਤੋਂ 25 ਦਿਨ ਬਾਅਦ ਅਗਲੇ ਸਿਲੰਡਰ ਦੀ ਬੁਕਿੰਗ ਦਾ ਸਮਾਂ ਵਧਾ ਕੇ 35 ਦਿਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਇਹ ਨਿਯਮ ਉਨ੍ਹਾਂ ਖਪਤਕਾਰਾਂ ’ਤੇ ਲਾਗੂ ਨਹੀਂ ਹੋਣਗੇ, ਜਿਨ੍ਹਾਂ ਨੂੰ 24 ਮਾਰਚ ਦੀ ਸ਼ਾਮ ਤੱਕ ਸਿਲੰਡਰ ਦੀ ਡਲਿਵਰੀ ਮਿਲ ਚੁੱਕੀ ਹੈ ਜਾਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਬੁਕਿੰਗ ਕਰਵਾ ਲਈ ਸੀ। ਇਸ ਕਰ ਕੇ ਉਹ ਨਵੇਂ ਨਿਯਮਾਂ ਦੇ ਦਾਇਰੇ ’ਚ ਨਹੀਂ ਆਉਣਗੇ। ਹਾਲਾਂਕਿ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ਼ਹਿਰ ਦੀਆਂ ਗੈਸ ਏਜੰਸੀਆਂ ’ਤੇ ਪੂਰਾ ਦਿਨ ਖਪਤਕਾਰਾਂ ਦੀ ਭੀੜ ਰਹੀ। ਦਰਅਸਲ, ਈਰਾਨ ਤੇ ਇਜ਼ਰਾਇਲ ’ਚ ਚੱਲ ਰਹੀ ਜੰਗ ਕਾਰਨ ਵਿਸ਼ਵ ਪੱਧਰ ’ਤੇ ਗੈਸ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਤਿੰਨਾਂ ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮਾਂ ’ਚ ਬਦਲਾਅ ਕੀਤਾ ਗਿਆ ਹੈ। ਕੰਪਨੀਆਂ ਵੱਲੋਂ 24 ਮਾਰਚ ਦੀ ਰਾਤ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਡੀਬੀਸੀ ਉਪਭੋਗਤਾਵਾਂ ਨੂੰ ਡਲਿਵਰੀ ਤੋਂ 35 ਦਿਨ ਬਾਅਦ ਹੀ ਦੂਜੇ ਸਿਲੰਡਰ ਦੀ ਬੁਕਿੰਗ ਕਰਨੀ ਹੋਵੇਗੀ, ਜਦਕਿ ਸੀਬੀਸੀ (ਸਿੰਗਲ ਬੁਕਿੰਗ ਸਿਲੰਡਰ) ਖਪਤਕਾਰਾਂ ਲਈ ਇਹ ਸਮਾਂ 25 ਦਿਨ ਰੱਖਿਆ ਗਿਆ ਹੈ। ਇਹ ਵਿਵਸਥਾ 24 ਮਾਰਚ ਦੀ ਸ਼ਾਮ ਤੋਂ ਲਾਗੂ ਹੋਈ ਹੈ ਤੇ ਇਸ ਤੋਂ ਪਹਿਲਾਂ ਬੁਕਿੰਗ ਜਾਂ ਡਲਿਵਰੀ ਲੈਣ ਵਾਲਿਆਂ ’ਤੇ ਲਾਗੂ ਨਹੀਂ ਹੋਵੇਗੀ। ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਗੈਸ ਦੀ ਕਮੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ ਤੇ ਜਿਵੇਂ ਹੀ ਸਪਲਾਈ ਸਧਾਰਨ ਹੋਵੇਗੀ, ਨਿਯਮਾਂ ’ਚ ਢਿੱਲ ਦਿੱਤੀ ਜਾ ਸਕਦੀ ਹੈ। ਆਲ ਇੰਡੀਆ ਐੱਲਪੀਜੀ ਡਿਸਟ੍ਰੀਬਿਊਟਰ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਲਤੇਸ਼ ਭਸੀਨ ਨੇ ਕਿਹਾ ਕਿ ਕੰਪਨੀਆਂ ਦੇ ਨਿਯਮਾਂ ਅਨੁਸਾਰ ਹੀ ਆਨਲਾਈਨ ਬੁਕਿੰਗ ਹੋ ਰਹੀ ਹੈ ਤੇ ਖਪਤਕਾਰਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਆ ਰਹੀ। -------------------------- ਉੱਜਵਲਾ ਯੋਜਨਾ ਵਾਲਿਆਂ ਨੂੰ 45 ਦਿਨ ਦਾ ਇੰਤਜ਼ਾਰ ਨਵੇਂ ਨਿਯਮਾਂ ਮੁਤਾਬਕ ਉੱਜਵਲਾ ਯੋਜਨਾ ਦੇ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦੀ ਡਲਿਵਰੀ ਤੋਂ ਬਾਅਦ ਅਗਲੇ ਸਿਲੰਡਰ ਦੀ ਬੁਕਿੰਗ ਲਈ 45 ਦਿਨ ਦੀ ਉਡੀਕ ਕਰਨੀ ਪਵੇਗੀ। --------------------- ਲੋਕਾਂ ਨੇ ਨਿਯਮਾਂ ’ਚ ਢਿੱਲ ਦੇਣ ਦੀ ਕੀਤੀ ਮੰਗ ਨਵੇਂ ਨਿਯਮਾਂ ਨੂੰ ਲੈ ਕੇ ਲੋਕਾਂ ਨੇ ਰਾਹਤ ਦੀ ਮੰਗ ਕੀਤੀ ਹੈ। ਮਨਪ੍ਰੀਤ ਸਿੰਘ ਗਿੰਨੀ ਨੇ ਕਿਹਾ ਕਿ ਪਹਿਲਾਂ ਹੀ ਰਸੋਈ ਗੈਸ ਦੀ ਕਮੀ ਹੈ, ਉੱਪਰੋਂ ਨਵੇਂ ਨਿਯਮਾਂ ਨਾਲ ਘਰ ’ਚ ਗੈਸ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਵਿਕਾਸ ਜੈਨ ਨੇ ਕਿਹਾ ਕਿ ਵੱਡੇ ਪਰਿਵਾਰਾਂ ’ਚ ਇਕ ਸਿਲੰਡਰ 20-25 ਦਿਨਾਂ ’ਚ ਖਤਮ ਹੋ ਜਾਂਦਾ ਹੈ, ਇਸ ਲਈ ਬੁਕਿੰਗ ’ਚ ਛੋਟ ਦੀ ਲੋੜ ਹੈ। ----------------------- ਯੁੱਧ ਕਾਰਨ ਆਟੋ ਪਾਰਟਸ ਕਾਰੋਬਾਰ ਪ੍ਰਭਾਵਿਤ ਵਧ ਰਹੀ ਮੁਕਾਬਲੇਬਾਜ਼ੀ ’ਚ ਵਪਾਰ ਕਰਨਾ ਹੋ ਰਿਹਾ ਮੁਸ਼ਕਲ ਮੱਧ ਪੂਰਬ ’ਚ ਚੱਲ ਰਹੀ ਜੰਗ ਤੇ ਗਲੋਬਲ ਸਪਲਾਈ ਚੇਨ ਦੇ ਪ੍ਰਭਾਵਿਤ ਹੋਣ ਕਾਰਨ ਆਟੋ ਪਾਰਟਸ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੱਚੇ ਮਾਲ ਦੀਆਂ ਕੀਮਤਾਂ ਤੇ ਸ਼ਿਪਿੰਗ ਲਾਗਤ ’ਚ ਵਾਧੇ ਨਾਲ ਨਾਲ ਸਪਲਾਈ ਚੇਨ ’ਚ ਆਈ ਰੁਕਾਵਟਾਂ ਕਾਰਨ ਕਾਰੋਬਾਰ ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਪੰਜਾਬ ਆਟੋ ਪਾਰਟਸ ਟ੍ਰੇਡਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਇਸ ਮਾਮਲੇ ’ਤੇ ਚਰਚਾ ਕੀਤੀ ਗਈ। ਪ੍ਰਧਾਨ ਅਸ਼ਵਨੀ ਮਲਹੋਤਰਾ ਨੇ ਕਿਹਾ ਕਿ ਜੰਗ ਕਾਰਨ ਖ਼ਾਸ ਕਰਕੇ ਪਲਾਸਟਿਕ ਤੇ ਐਲੂਮੀਨੀਅਮ ਵਰਗੇ ਕੱਚੇ ਮਾਲ ਦੀਆਂ ਕੀਮਤਾਂ ’ਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਉਤਪਾਦਨ ਲਾਗਤ ਵਧੀ ਹੈ। ਸ਼ਿਪਿੰਗ ਰੂਟਾਂ ’ਤੇ ਵਧਦੇ ਖਤਰੇ ਕਾਰਨ ਦਰਾਮਦ-ਬਰਾਮਦ ਵੀ ਪ੍ਭਾਵਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਰੀ ’ਚ ਕਮੀ ਆ ਰਹੀ ਹੈ ਤੇ ਸਰਕਾਰ ਨੂੰ ਵਪਾਰੀਆਂ ਲਈ ਰਾਹਤ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੀ ਅਪ੍ਰੈਲ ਤੋਂ ਪਹਿਲਾਂ ਟੈਕਸ ਨਾਲ ਸਬੰਧਤ ਕੰਮ ਨਿਪਟਾਉਣ ਦੀ ਅਪੀਲ ਵੀ ਕੀਤੀ। ਮੀਟਿੰਗ ’ਚ ਕਈ ਹੋਰ ਅਧਿਕਾਰੀ ਤੇ ਮੈਂਬਰ ਵੀ ਮੌਜੂਦ ਰਹੇ।