6 ਘੰਟਿਆਂ ’ਚ ਹੋਈ 5.15 ਐੱਮਐੱਮ ਵਰਖਾ, ਹਵਾ ’ਚ ਫੈਲਿਆ ਪ੍ਰਦੂਸ਼ਣ ਵੀ ਧੋਤਾ,
ਵਰਖਾ ਨਾਲ ਐਲਰਜੀ ਤੇ ਖੰਘ ਤੋਂ ਰਾਹਤ, ਬੱਚਿਆਂ ਤੇ ਬੁਜ਼ੁਰਗਾਂ ਲਈ ਖ਼ਤਰਾ ਹਾਲੇ ਵੀ ਕਾਇਮ
Publish Date: Thu, 01 Jan 2026 08:38 PM (IST)
Updated Date: Fri, 02 Jan 2026 04:14 AM (IST)

ਏਕਿਊਆਈ 100 ਤੋਂ ਵੀ ਹੇਠਾਂ ਪਹੁੰਚਿਆ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਵੇਂ ਸਾਲ ਦੇ ਪਹਿਲੇ ਦਿਨ ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਵਰਖਾ ਲੱਗਭਗ 6 ਘੰਟਿਆਂ ਤੱਕ ਲਗਾਤਾਰ ਹੁੰਦੀ ਰਹੀ। ਇਸ ਦੌਰਾਨ ਜ਼ਿਲ੍ਹੇ ’ਚ 5.15 ਐੱਮਐੱਮ ਵਰਖਾ ਦਰਜ ਕੀਤੀ ਗਈ, ਜਿਸ ਨਾਲ ਹਵਾ ’ਚ ਫੈਲਿਆ ਪ੍ਰਦੂਸ਼ਣ ਵੀ ਧੋਤਾ ਗਿਆ। ਇਸੇ ਕਾਰਨ ਬੀਤੇ ਕੁਝ ਦਿਨਾਂ ਤੋਂ ਲਗਾਤਾਰ 200 ਤੋਂ 300 ਦੇ ਵਿਚਕਾਰ ਰਹਿ ਰਹੇ ਏਕਿਊਆਈ ’ਚ ਵੱਡਾ ਸੁਧਾਰ ਆਇਆ ਹੈ। ਹੁਣ ਘੱਟੋ-ਘੱਟ ਏਕਿਊਆਈ 79 ਤੇ ਵੱਧ ਤੋਂ ਵੱਧ 138 ਦਰਜ ਕੀਤਾ ਗਿਆ, ਜਦਕਿ ਦਿਨ ਭਰ ਦੀ ਬਦਲਦੀ ਸਥਿਤੀ ਦੇ ਆਧਾਰ ’ਤੇ ਔਸਤ ਏਕਿਊਆਈ 145 ਤੱਕ ਪਹੁੰਚ ਗਿਆ। ਹਾਲਾਂਕਿ ਸਵੇਰੇ 6 ਵਜੇ ਤੋਂ ਵਰਖਾ ਸ਼ੁਰੂ ਹੋਣ ਤੋਂ ਲੈ ਕੇ ਰਾਤ ਤੱਕ ਏਕਿਊਆਈ 100 ਤੋਂ ਹੇਠਾਂ ਹੀ ਬਣਿਆ ਰਿਹਾ। ਦੂਜੇ ਪਾਸੇ ਬੁੱਧਵਾਰ ਨੂੰ ਵੱਧ ਤੋਂ ਵੱਧ ਏਕਿਊਆਈ 302 ਤੇ ਘੱਟੋ-ਘੱਟ 65 ਦਰਜ ਕੀਤਾ ਗਿਆ ਸੀ, ਜਦਕਿ ਔਸਤ ਏਕਿਊਆਈ 169 ਰਿਕਾਰਡ ਕੀਤਾ ਗਿਆ। ਤਾਪਮਾਨ ’ਚ ਕਿਸੇ ਵੱਡੇ ਬਦਲਾਅ ਦੇ ਆਸਾਰ ਨਹੀਂ ਦਿਖੇ। ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 13.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 5 ਜਨਵਰੀ ਤੱਕ ਸੰਘਣੀ ਧੁੰਦ ਤੇ ਸ਼ੀਤ ਲਹਿਰ ਚੱਲਣ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 4 ਜਨਵਰੀ ਤੱਕ ਅੰਸ਼ਿਕ ਤੌਰ ’ਤੇ ਆਸਮਾਨ ’ਚ ਬੱਦਲ ਵੀ ਛਾਏ ਰਹਿਣਗੇ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਤੇ ਬਾਅਦ 3 ਦਿਨ ਤੱਕ ਰੁਕ-ਰੁਕ ਕੇ ਵਰਖਾ ਹੋਈ ਸੀ। ਉਸ ਸਮੇਂ ਮੌਸਮ ਵਿਭਾਗ ਵੱਲੋਂ 31.8 ਐੱਮਐੱਮ ਵਰਖਾ ਦਰਜ ਕੀਤੀ ਗਈ ਸੀ। ਉਸ ਦੌਰਾਨ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਤੱਕ ਇੱਕ ਵਾਰ ਵੀ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚਿਆ। ਹਾਲਾਂਕਿ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਭਾਰੀ ਗਿਰਾਵਟ ਦੇ ਆਸਾਰ ਪ੍ਰਗਟ ਕੀਤੇ ਗਏ ਹਨ। ਮੌਸਮ ਵਿਗਿਆਨੀ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਵਰਖਾ ਕਾਰਨ ਹਵਾ ’ਚ ਮੌਜੂਦ ਪ੍ਰਦੂਸ਼ਿਤ ਕਣ ਹੇਠਾਂ ਬੈਠ ਜਾਣ ਨਾਲ ਏਕਿਊਆਈ ’ਚ ਵੱਡਾ ਸੁਧਾਰ ਵੇਖਿਆ ਗਿਆ ਹੈ। ਇਸ ਨਾਲ ਸਿਹਤ ਸਬੰਧੀ ਵੀ ਰਾਹਤ ਮਿਲੀ ਹੈ ਪਰ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਤੇ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ’ਚ ਉਤਾਰ-ਚੜ੍ਹਾਅ ਬਣਿਆ ਰਹੇਗਾ। ਬਾਕਸ--- ਵਰਖਾ ਨਾਲ ਐਲਰਜੀ ਤੇ ਖੰਘ ਤੋਂ ਰਾਹਤ, ਬੱਚਿਆਂ ਤੇ ਬੁਜ਼ੁਰਗਾਂ ਲਈ ਖ਼ਤਰਾ ਹਾਲੇ ਵੀ ਕਾਇਮ ਸਰਦੀ ਦੇ ਮੌਸਮ ਦੀ ਪਹਿਲੀ ਵਰਖਾ ਨਾਲ ਲੋਕਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਤੋਂ ਕਾਫ਼ੀ ਰਾਹਤ ਮਿਲੀ ਹੈ। ਵਰਖਾ ਕਾਰਨ ਹਵਾ ’ਚ ਮੌਜੂਦ ਪ੍ਰਦੂਸ਼ਿਤ ਕਣ ਧੋ ਕੇ ਥੱਲੇ ਬੈਠ ਗਏ ਹਨ, ਜਿਸ ਨਾਲ ਐਲਰਜੀ, ਖੰਘ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਆਰਾਮ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਠੰਢ ਵਧਣ ਕਾਰਨ ਬੱਚਿਆਂ ਤੇ ਬੁਜ਼ੁਰਗਾਂ ਲਈ ਸਿਹਤ ਸੰਬੰਧੀ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ। ਸਿਵਲ ਹਸਪਤਾਲ ਦੇ ਡਾ. ਤਰਸੇਮ ਲਾਲ ਨੇ ਦੱਸਿਆ ਕਿ ਸੜਕਾਂ ’ਤੇ ਦੌੜਦੇ ਵਾਹਨਾਂ, ਪਰਾਲੀ ਨੂੰ ਲਾਈ ਅੱਗ ਤੇ ਉਦਯੋਗਾਂ ਤੋਂ ਨਿਕਲਦੇ ਧੂੰਏਂ ਕਾਰਨ ਹਵਾ ’ਚ ਪ੍ਰਦੂਸ਼ਿਤ ਕਣਾਂ ਦਾ ਗੁਬਾਰ ਬਣ ਗਿਆ ਸੀ। ਇਸ ਕਾਰਨ ਲੋਕਾਂ ਨੂੰ ਐਲਰਜੀ, ਛਾਤੀ ਦੇ ਰੋਗ, ਖੰਘ ਤੇ ਜ਼ੁਕਾਮ ਦੀ ਸਮੱਸਿਆ ਆ ਰਹੀ ਸੀ। ਟੀਬੀ ਤੇ ਦਮਾ ਦੇ ਮਰੀਜ਼ਾਂ ਨੂੰ ਖਾਸ ਤੌਰ ’ਤੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਵਰਖਾ ਤੋਂ ਬਾਅਦ ਹਵਾ ’ਚ ਅਟਕੇ ਹੋਏ ਪ੍ਰਦੂਸ਼ਿਤ ਕਣ ਧੁਲ ਕੇ ਧਰਤੀ ’ਤੇ ਡਿੱਗ ਗਏ ਹਨ। ਪੀਐੱਮ 2.5 ਤੇ ਪੀਐੱਮ 10 ਵਰਗੇ ਹਾਨੀਕਾਰਕ ਤੱਤ ਸਾਫ਼ ਹੋਣ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਲੋਕਾਂ ਨੂੰ ਸਾਹ ਲੈਣ ’ਚ ਵੀ ਸੁੱਖ ਮਹਿਸੂਸ ਹੋ ਰਿਹਾ ਹੈ। ਇਸ ਨਾਲ ਟੀਬੀ, ਦਮਾ ਤੇ ਸਾਹ ਦੇ ਰੋਗੀਆਂ ਨੂੰ ਲਾਭ ਹੋਵੇਗਾ, ਨਾਲ ਹੀ ਐਲਰਜੀ ਕਾਰਨ ਗਲਾ ਖ਼ਰਾਬ ਹੋਣਾ, ਖੰਘ ਤੇ ਜ਼ੁਕਾਮ ’ਚ ਵੀ ਕਮੀ ਆਵੇਗੀ। ਡਾ. ਤਰਸੇਮ ਲਾਲ ਨੇ ਕਿਹਾ ਕਿ ਠੰਢ ਦਾ ਦੌਰ ਹਾਲੇ ਜਾਰੀ ਹੈ। ਇਸ ਕਰ ਕੇ ਬੁਜ਼ੁਰਗਾਂ ਅਤੇ ਬੱਚਿਆਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਲਈ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਠੰਢ ਕਾਰਨ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਛਾਤੀ ਦੇ ਰੋਗ, ਖੰਘ, ਜ਼ੁਕਾਮ ਤੇ ਬੁਖ਼ਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਬਾਕਸ-=- ਸਾਵਧਾਨੀਆਂ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਪਰਤਾਂ ’ਚ ਗਰਮ ਕੱਪੜੇ, ਸਵੈਟਰ, ਜੈਕਟ, ਜੁਰਾਬਾਂ ਤੇ ਟੋਪੀ ਪਹਿਨਾਓ। ਸਵੇਰ ਤੇ ਸ਼ਾਮ ਦੀ ਠੰਢੀ ਹਵਾ ਤੋਂ ਬਚਾਓ। ਗਿੱਲੇ ਕੱਪੜੇ ਤੁਰੰਤ ਬਦਲੋ। ਗਰਮ ਤੇ ਪੌਸ਼ਟਿਕ ਭੋਜਨ ਜਿਵੇਂ ਸੂਪ, ਦਲੀਆ ਤੇ ਖਿਚੜੀ ਦਿਓ। ਵਿਟਾਮਿਨ ਸੀ ਨਾਲ ਭਰਪੂਰ ਆਂਵਲਾ, ਸੰਤਰਾ ਤੇ ਨਿੰਬੂ ਵਰਗੀਆਂ ਚੀਜ਼ਾਂ ਖਵਾਓ। ਗਰਮ ਪਾਣੀ ਪਿਲਾਉਂਦੇ ਰਹੋ। ਬਹੁਤ ਠੰਢ ’ਚ ਨਹਾਉਣ ਤੋਂ ਬਚੋ, ਗੁਣਗੁਣੇ ਪਾਣੀ ਦੀ ਵਰਤੋਂ ਕਰੋ। ਹਲਕੀ ਧੁੱਪ ’ਚ ਬੈਠਣਾ ਲਾਭਦਾਇਕ ਹੁੰਦਾ ਹੈ। ਛਿੱਕਦੇ ਜਾਂ ਖੰਘਦੇ ਸਮੇਂ ਰੁਮਾਲ ਜਾਂ ਟਿਸ਼ੂ ਦੀ ਵਰਤੋਂ ਕਰੋ। ਹੱਥ ਸਾਫ਼ ਰੱਖਣ ਦੀ ਆਦਤ ਪਾਓ। ਬੱਚਿਆਂ ਨੂੰ ਆਈਸਕ੍ਰੀਮ ਤੇ ਠੰਢਾ ਪਾਣੀ ਘੱਟ ਦਿਓ। ਬਾਕਸ-- ਕਣਕ ਦੀ ਫਸਲ ਲਈ ਲਾਭਕਾਰੀ ਸਾਬਤ ਹੋਈ ਵਰਖਾ ਜ਼ਿਲ੍ਹਾ ਮੁੱਖ ਖੇਤੀਬਾੜੀ ਤੇ ਕਿਸਾਨ ਭਲਾਈ ਅਫਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਕਣਕ ਠੰਢ ਦੇ ਮੌਸਮ ਦੀ ਫ਼ਸਲ ਹੈ ਤੇ ਵਰਖਾ ਕਣਕ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਇਸ ਸਮੇਂ ਕਣਕ ਦੀ ਫ਼ਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ। ਵਰਖਾ ਨਾਲ ਕਣਕ ਦੇ ਪੌਦੇ ਧੋਤੇ ਜਾਣ ਕਾਰਨ ਭਵਿੱਖ ’ਚ ਪੀਲੀ ਪੁੰਗੀ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਮਿਲੇਗਾ। ਵਰਖਾ ਨਾਲ ਕਣਕ ਦੇ ਪੌਦਿਆਂ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ ਤੇ ਦਾਣਾ ਵੀ ਮੋਟਾ ਹੋਵੇਗਾ। ਉਨ੍ਹਾਂ ਕਿਹਾ ਕਿ ਆਲੂਆਂ ’ਤੇ ਪੈਂਦੇ ਕੋਹਰੇ ਦੇ ਪ੍ਰਭਾਵ ਤੋਂ ਵੀ ਕਿਸਾਨਾਂ ਨੂੰ ਰਾਹਤ ਮਿਲੀ ਹੈ, ਹਾਲਾਂਕਿ ਕਈ ਕਿਸਾਨ ਆਲੂਆਂ ਦੀ ਪਟਾਈ ਦਾ ਕੰਮ ਸ਼ੁਰੂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਮੌਸਮੀ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਗੋਭੀ, ਮੇਥੀ, ਮਟਰ ਆਦਿ ਲਈ ਵੀ ਇਹ ਵਰਖਾ ਲਾਭਦਾਇਕ ਸਾਬਤ ਹੋਵੇਗੀ।