ਬੰਦੀ ਬਣਾਉਣ ਦੇ ਮਾਮਲੇ ’ਚ ਤਿੰਨ ਜਣਿਆਂ ਨੂੰ ਰਾਹਤ
ਜਾਸ, ਜਲੰਧਰ : ਪੀਪੀਆਰ
Publish Date: Wed, 11 Mar 2026 09:36 PM (IST)
Updated Date: Wed, 11 Mar 2026 09:39 PM (IST)
ਜਾਸ, ਜਲੰਧਰ : ਪੀਪੀਆਰ ਮਾਲ ਨੇੜੇ ਸਥਿਤ ਇਕ ਪ੍ਰਾਪਰਟੀ ਕਾਰੋਬਾਰੀ ਦੇ ਦਫਤਰ ’ਚ ਜੀਐੱਸਟੀ ਟੀਮ ਨੂੰ ਬੰਦੀ ਬਣਾਉਣ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਰਾਹਤ ਦਿੱਤੀ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਇਸ ਮਾਮਲੇ ’ਚ ਨਾਮਜ਼ਦ ਇੰਦਰਜੋਤ ਸਿੰਘ ਭੰਡਾਰੀ, ਪ੍ਰਭਜੋਤ ਸਿੰਘ ਭੰਡਾਰੀ ਤੇ ਤਰੁਣ ਸ਼ਰਮਾ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਤਿੰਨਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਹੁਕਮ ਵੀ ਦਿੱਤੇ ਹਨ।
ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਅਦਾਲਤ ਨੇ 23 ਮਾਰਚ ਤੈਅ ਕੀਤੀ ਹੈ। ਦਰਅਸਲ, ਇਹ ਮਾਮਲਾ ਪਿਛਲੇ ਮਹੀਨੇ ਦਾ ਹੈ, ਜਦੋਂ ਜੀਐੱਸਟੀ ਵਿਭਾਗ ਦੀ ਇਕ ਟੀਮ ਟੈਕਸ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਲਈ ਪੀਪੀਆਰ ਮਾਲ ਨੇੜੇ ਸਥਿਤ ਇਕ ਪ੍ਰਾਪਰਟੀ ਕਾਰੋਬਾਰੀ ਦੇ ਦਫਤਰ ਵਿਚ ਸਰਵੇ ਕਰਨ ਪੁੱਜੀ ਸੀ। ਦੋਸ਼ ਹੈ ਕਿ ਸਰਵੇ ਦੇ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਟੀਮ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤਾ ਤੇ ਉਨ੍ਹਾਂ ਨੂੰ ਦਫਤਰ ’ਚ ਬੰਦੀ ਬਣਾ ਲਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਗਈ।