- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਦਰਤ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ, ਉਸ ਨੇ ਆਪਣਾ ਭਰਾ ਵੇਦ ਪ੍ਰਕਾਸ਼ ਵੀ ਗੁਆ ਦਿੱਤਾ। ਜਿਸ ਘਰ ਜਾਣ ਲਈ ਉਹ ਜੇਲ੍ਹ ਵਿੱਚ ਤੜਫਦਾ ਰਿਹਾ, ਅੱਜ ਉੱਥੇ ਉਸ ਨੂੰ ਜੀ ਆਇਆਂ ਆਖਣ ਵਾਲੇ ਮੁੱਖ ਜੀਅ ਹੀ ਮੌਜੂਦ ਨਹੀਂ ਸਨ। ਪਿੰਡ ਦੇ ਮੈਂਬਰ ਪੰਚਾਇਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਤਨਪਾਲ ਦੀ ਮਾਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਨੂੰ ਉਸ ਦੇ ਤਾਇਆ-ਤਾਈ ਵੱਲੋਂ ਗੋਦ ਲੈ ਕੇ ਪਾਲਣ-ਪੋਸਣ ਕੀਤਾ ਗਿਆ ਸੀ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਾਲ 2023 ਵਿਚ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਹਲਕਾ ਸ਼ਾਹਕੋਟ ਦੇ ਪਿੰਡ ਖਹਿਰਾ ਮੁਸ਼ਤਰਕਾ ਅਤੇ ਸਤਲੁਜ ਤੋਂ ਪਾਰ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਦੇ ਪਿੰਡ ਪਰਜੀਆਂ ਬਿਹਾਰੀਪੁਰ ਨਾਲ ਸਬੰਧਤ 2 ਦੋਸਤ ਦਰਿਆ ਸਤਲੁਜ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਕੇ ਪਾਕਿਸਤਾਨ ਪਹੁੰਚ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਹੁਣ ਪਾਕਿਸਤਾਨ ਵੱਲੋਂ 7 ਭਾਰਤੀਆਂ ਨੂੰ ਰਿਹਾਅ ਕਰ ਕੇ ਭਾਰਤ ਹਵਾਲੇ ਕੀਤਾ ਗਿਆ ਹੈ। ਇਨ੍ਹਾਂ ਵਿਚ ਪਿੰਡ ਖਹਿਰਾ ਮੁਸ਼ਤਰਕਾ ਨਾਲ ਸਬੰਧਤ ਨੌਜਵਾਨ ਰਤਨਪਾਲ ਪੁੱਤਰ ਮਹਿੰਦਰ ਸਿੰਘ ਅਤੇ ਪਰਜੀਆਂ ਬਿਹਾਰੀਪੁਰ ਨਾਲ ਸਬੰਧਤ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵੀ ਸ਼ਾਮਲ ਹੈ।
ਢਾਈ ਸਾਲ ਪਹਿਲਾਂ ਜੁਲਾਈ 2023 ਵਿਚ ਸਤਲੁਜ ਦੇ ਹੜ੍ਹ ਨੇ ਇਨ੍ਹਾਂ ਨੂੰ ਫਿਰੋਜ਼ਪੁਰ ਤੋਂ ਸਰਹੱਦ ਪਾਰ ਪਾਕਿਸਤਾਨ ਰੋੜ੍ਹ ਦਿੱਤਾ ਸੀ ਪਰ ਜਦੋਂ ਹੁਣ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੇ ਸਿਰ ’ਤੇ ਹੱਥ ਰੱਖਣ ਵਾਲੇ ਆਪਣੇ ਹੀ ਦੁਨੀਆ ਛੱਡ ਚੁੱਕੇ ਹਨ। ਦੋਵਾਂ ਨੌਜਵਾਨਾਂ ਦੀ ਕਹਾਣੀ ਬਹੁਤ ਦੁਖਦਾਈ ਹੈ। 32 ਸਾਲਾ ਰਤਨਪਾਲ ਲਈ ਇਹ ਵਾਪਸੀ ਸਭ ਤੋਂ ਵੱਧ ਦਿਲ ਚੀਰਵੀਂ ਰਹੀ। ਉਹ ਅਟਾਰੀ ਸਰਹੱਦ ’ਤੇ ਇਸ ਉਮੀਦ ਨਾਲ ਪਹੁੰਚਿਆ ਸੀ ਕਿ ਉਹ ਆਪਣੇ ਪਰਿਵਾਰ ਨੂੰ ਗਲੇ ਲਗਾਏਗਾ ਪਰ ਉਸ ਨੂੰ ਸਰਹੱਦ ਪਾਰ ਕਰਦਿਆਂ ਹੀ ਇਹ ਮਨਹੂਸ ਖ਼ਬਰ ਮਿਲੀ ਕਿ ਉਸ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ਪਾਲਣ ਵਾਲੇ ਮਾਂ-ਬਾਪ (ਤਾਇਆ-ਤਾਈ) ਅਤੇ ਭਰਾ ਇਸ ਦੁਨੀਆ ’ਚ ਨਹੀਂ ਰਹੇ। ਜੇਲ੍ਹ ਵਿੱਚ ਬੰਦ ਰਤਨਪਾਲ ਨੂੰ ਇਹ ਇਲਮ ਹੀ ਨਹੀਂ ਸੀ ਕਿ ਉਸ ਦਾ ਪਾਲਣ-ਪੋਸ਼ਣ ਕਰਨ ਵਾਲੇ ਉਸ ਦੇ ਤਾਇਆ ਕਰਤਾਰ ਸਿੰਘ ਅਤੇ ਤਾਈ ਪਿਆਰੋ ਬਾਈ ਦੀ ਮੌਤ ਹੋ ਚੁੱਕੀ ਹੈ।
ਕੁਦਰਤ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ, ਉਸ ਨੇ ਆਪਣਾ ਭਰਾ ਵੇਦ ਪ੍ਰਕਾਸ਼ ਵੀ ਗੁਆ ਦਿੱਤਾ। ਜਿਸ ਘਰ ਜਾਣ ਲਈ ਉਹ ਜੇਲ੍ਹ ਵਿੱਚ ਤੜਫਦਾ ਰਿਹਾ, ਅੱਜ ਉੱਥੇ ਉਸ ਨੂੰ ਜੀ ਆਇਆਂ ਆਖਣ ਵਾਲੇ ਮੁੱਖ ਜੀਅ ਹੀ ਮੌਜੂਦ ਨਹੀਂ ਸਨ। ਪਿੰਡ ਦੇ ਮੈਂਬਰ ਪੰਚਾਇਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਤਨਪਾਲ ਦੀ ਮਾਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਨੂੰ ਉਸ ਦੇ ਤਾਇਆ-ਤਾਈ ਵੱਲੋਂ ਗੋਦ ਲੈ ਕੇ ਪਾਲਣ-ਪੋਸਣ ਕੀਤਾ ਗਿਆ ਸੀ। ਹੜ੍ਹਾਂ ਦੌਰਾਨ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਸਦਮੇ ’ਚ ਚਲੇ ਗਏ ਸਨ ਤੇ ਉਸ ਦਾ ਦੁੱਖ ਨਾ ਸਹਾਰਦਿਆਂ ਕਰਤਾਰ ਸਿੰਘ ਤੇ ਪਿਆਰੋ ਬਾਈ ਦੀ ਮੌਤ ਹੋ ਗਈ। 6 ਕੁ ਮਹੀਨੇ ਪਹਿਲਾਂ ਉਸ ਦਾ ਭਰਾ ਵੇਦ ਪ੍ਰਕਾਸ਼ ਵੀ ਦੁਨੀਆ ਨੂੰ ਅਲਵਿਦਾ ਆਖ ਗਿਆ।
ਦੂਜੇ ਪਾਸੇ ਲੁਧਿਆਣਾ ਦੇ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਹਰਵਿੰਦਰ ਦੀ ਕਹਾਣੀ ਵੀ ਘੱਟ ਦਰਦਨਾਕ ਨਹੀਂ ਹੈ। ਹਰਵਿੰਦਰ ਜਦੋਂ ਪਾਕਿਸਤਾਨੀ ਰੇਂਜਰਾਂ ਦੀ ਕੈਦ ਵਿੱਚ ਸੀ, ਤਾਂ ਉਹ ਵਾਰ-ਵਾਰ ਆਪਣੇ ਪਿਤਾ ਬਾਰੇ ਪੁੱਛਦਾ ਸੀ। ਪਰਿਵਾਰ ਨੇ ਉਸ ਦਾ ਹੌਸਲਾ ਬਣਾਈ ਰੱਖਣ ਲਈ ਲੰਮਾ ਸਮਾਂ ਸੱਚ ਲੁਕੋਈ ਰੱਖਿਆ। ਹਰਵਿੰਦਰ ਨੂੰ ਵਾਪਸੀ ਤੋਂ ਕੁਝ ਸਮਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸ ਦੇ ਪਿਤਾ ਮੁਖਤਿਆਰ ਸਿੰਘ ਦਾ ਪਿਛਲੇ ਸਾਲ ਦੇਹਾਂਤ ਹੋ ਚੁੱਕਾ ਹੈ। ਪੁੱਤ ਦੇ ਵਿਯੋਗ ਅਤੇ ਪਤੀ ਦੀ ਮੌਤ ਦੇ ਸਦਮੇ ਕਾਰਨ ਹਰਵਿੰਦਰ ਦੀ ਮਾਤਾ ਸੁਰਜੀਤ ਕੌਰ ਭਾਰੀ ਮਾਨਸਿਕ ਤਣਾਅ ਵਿੱਚੋਂ ਲੰਘ ਰਹੀ ਹੈ।
ਹੜ੍ਹ ਦੌਰਾਨ ਭੈਣ ਦੀ ਮਦਦ ਲਈ ਗਏ ਸਨ ਫਿਰੋਜ਼ਪੁਰ, ਰੁੜ੍ਹ ਕੇ ਪੁੱਜੇ ਪਾਕਿਸਤਾਨ
ਰਤਨਪਾਲ ਤੇ ਹਰਵਿੰਦਰ ਦੋਵੇਂ ਦੋਸਤ ਸਨ। ਹਰਵਿੰਦਰ ਦੀ ਭੈਣ ਫਿਰੋਜ਼ਪੁਰ ਚਾਂਦੀਵਾਲਾ ਵਿਖੇ ਰਹਿੰਦੀ ਹੈ। ਜੁਲਾਈ 2023 ਵਿਚ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਉਸ ਦੀ ਭੈਣ ਦਾ ਪਿੰਡ ਵੀ ਹੜ੍ਹ ਦੀ ਲਪੇਟ ਵਿਚ ਆ ਗਿਆ ਸੀ। ਇਸ ਦੌਰਾਨ ਹਰਵਿੰਦਰ ਤੇ ਰਤਨਪਾਲ ਉਨ੍ਹਾਂ ਦੀ ਮਦਦ ਲਈ ਫਿਰੋਜ਼ਪੁਰ ਗਏ ਸਨ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਦੋਵੇਂ ਨੌਜਵਾਨ ਰੁੜ੍ਹ ਕੇ ਪਾਕਿਸਤਾਨ ਵਾਲੇ ਪਾਸੇ ਕਸੂਰ ਜ਼ਿਲ੍ਹੇ ’ਚ ਪਹੁੰਚ ਗਏ, ਜਿਸ ਤੋਂ ਬਾਅਦ ਦੋਵਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਿੰਡ ਖਹਿਰਾ ਮੁਸ਼ਤਰਕਾ ਦੇ ਮੈਂਬਰ ਪੰਚਾਇਤ ਹਰਜਿੰਦਰ ਸਿੰਘ ਤੇ ਸਮੁੱਚੀ ਪੰਚਾਇਤ ਵੱਲੋਂ ਨੌਜਵਾਨਾਂ ਦੀ ਵਤਨ ਵਾਪਸੀ ਲਈ ਚਾਰਾਜੋਈ ਕੀਤੀ ਜਾਂਦੀ ਰਹੀ ਅਤੇ ਕਰੀਬ ਢਾਈ ਸਾਲ ਬਾਅਦ ਦੋਵੇਂ ਨੌਜਵਾਨ ਭਾਰਤ ਪੁੱਜੇ।