ਗ੍ਰਨੇਡ ਮਾਮਲੇ ’ਚ ਜਲੰਧਰ ਤੋਂ ਗ੍ਰਿਫ਼ਤਾਰ ਅੱਤਵਾਦੀ ਦੇ ਰਿਸ਼ਤੇਦਾਰ ਵੀ ਰਡਾਰ ’ਤੇ
ਜਲੰਧਰ ਗ੍ਰੇਨੇਡ ਮਾਮਲੇ ’ਚ ਜਲੰਧਰ ਤੋਂ ਗ੍ਰਿਫਤਾਰ ਆਤੰਕੀ ਦੇ ਰਿਸ਼ਤੇਦਾਰ ਵੀ ਰਡਾਰ ’ਤੇ
Publish Date: Thu, 16 Apr 2026 10:25 PM (IST)
Updated Date: Thu, 16 Apr 2026 10:27 PM (IST)

-ਬੀਕੇਆਈ ਮਾਡਿਊਲ ਦਾ ਤੀਜਾ ਮੁਲਜ਼ਮ ਜਲੰਧਰ ’ਚ ਰਹਿ ਰਿਹਾ ਸੀ, ਲੋਕਾਂ ਤੋਂ ਪੁੱਛਗਿੱਛ ਕਰ ਰਹੀ ਪੁਲਿਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਗ੍ਰਨੇਡ ਤੇ ਧਮਾਕਾਖੇਜ਼ ਸਮੱਗਰੀ ਬਰਾਮਦਗੀ ਨਾਲ ਜੁੜੇ ਮਾਮਲੇ ’ਚ ਹਾਲ ਹੀ ’ਚ ਜਲੰਧਰ ਤੋਂ ਗ੍ਰਿਫਤਾਰ ਅੱਤਵਾਦੀ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਪੁਲਿਸ ਟੀਮਾਂ ਦੋ ਵਾਰ ਉਸ ਦੇ ਜਾਣ-ਪਛਾਣ ਵਾਲਿਆਂ ਦੀ ਭਾਲ ’ਚ ਛਾਪੇ ਮਾਰ ਚੁੱਕੀਆਂ ਹਨ ਤੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਹਾਲਾਂਕਿ, ਜਲੰਧਰ ਪੁਲਿਸ ਇਸ ਪੂਰੇ ਮਾਮਲੇ ’ਤੇ ਫਿਲਹਾਲ ਚੁੱਪੀ ਸਾਧੀ ਹੋਈ ਹੈ। ਉੱਥੇ ਹੀ ਅੰਮ੍ਰਿਤਸਰ ਪੁਲਿਸ ਨੇ ਵੀ ਅਜਿਹੀ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ ਹੈ। ਇਸ ਕੇਸ ’ਚ ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੇ ਬੀਕੇਆਈ (ਬੱਬਰ ਖਾਲਸਾ ਇੰਟਰਨੈਸ਼ਨਲ) ਨਾਲ ਜੁੜੇ ਤੀਜੇ ਮੁਲਜ਼ਮ ਮਨਵੀਰ ਸਿੰਘ ਨੂੰ ਜਲੰਧਰ ਦੇ ਮਾਨਕਰਾਏ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਦੋਲਾ ਨੰਗਲ ਦੇ ਰਹਿਣ ਵਾਲੇ ਆਕਾਸ਼ ਮਸੀਹ ਤੇ ਉਸ ਦੇ ਸਾਥੀ ਜਬਲੋਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਪੰਜ ਹੈਂਡ ਗ੍ਰੇਨੇਡ ਤੇ ਇਕ ਕਿੱਲੋ ਆਰਡੀਐਕਸ ਨਾਲ ਭਰੀ ਆਈਈਡੀ ਬਰਾਮਦ ਹੋਈ ਸੀ। ਜਾਂਚ ’ਚ ਸਾਹਮਣੇ ਆਇਆ ਸੀ ਕਿ ਇਹ ਮੁਲਜ਼ਮ ਪੁਰਤਗਾਲ ’ਚ ਬੈਠੇ ਵਿਦੇਸ਼ੀ ਹੈਂਡਲਰ ਮੰਨੂ ਅਗਵਾਨ ਦੇ ਸੰਪਰਕ ’ਚ ਸਨ, ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਹੈ। ਖੁਫੀਆ ਏਜੰਸੀਆਂ ਅਨੁਸਾਰ ਅਗਵਾਨ ਬੇਰੋਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਸਲੀਪਰ ਸੈੱਲ ਤਿਆਰ ਕਰ ਰਿਹਾ ਹੈ, ਜਿਨ੍ਹਾਂ ਦਾ ਮਕਸਦ ਪੁਲਿਸ ਠਿਕਾਣਿਆਂ, ਧਾਰਮਿਕ ਆਗੂਆਂ ਤੇ ਰਾਜਨੀਤਿਕ ਹਸਤੀਆਂ ਨੂੰ ਨਿਸ਼ਾਨਾ ਬਣਾਉਣਾ ਹੈ। ਪੁਲਿਸ ਨੂੰ ਇਹ ਵੀ ਇਨਪੁਟ ਮਿਲਿਆ ਹੈ ਕਿ ਸਰਹੱਦੀ ਇਲਾਕਿਆਂ ’ਚ ਹਥਿਆਰ ਤੇ ਆਰਡੀਐਕਸ ਦੀ ਖੇਪ ਪਹੁੰਚਾਈ ਗਈ ਹੈ। ਫਿਲਹਾਲ ਪੁਲਿਸ ਇਨ੍ਹਾਂ ਦੀ ਭਾਲ ’ਚ ਜੁਟੀ ਹੋਈ ਹੈ ਤੇ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।