ਛੱਟੀ ਵਾਲੇ ਦਿਨ ਵਾਟਰ ਸਪਲਾਈ ਦੀ ਹੋਈ 16 ਲੱਖ ਦੀ ਵਸੂਲੀ
ਛੱਟੀ ਵਾਲੇ ਦਿਨ ਵਾਟਰ ਸਪਲਾਈ ਦੀ ਹੋਈ 16 ਲੱਖ ਦੀ ਵਸੂਲੀ
Publish Date: Sat, 28 Mar 2026 08:30 PM (IST)
Updated Date: Sun, 29 Mar 2026 04:15 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਵਾਟਰ ਸਪਲਾਈ ਦੇ ਬਿੱਲਾਂ ਦੀ ਵਸੂਲੀ ਤੇ 31 ਮਾਰਚ ਤੱਕ ਦਾ ਆਪਣਾ ਟੀਚਾ ਪੂਰਾ ਕਰਨ ਲਈ ਸਨਿੱਚਰਵਾਰ ਛੁੱਟੀ ਵਾਲੇ ਦਿਨ ਖੋਲ੍ਹੇ ਗਏ ਕਾਊਂਟਰ ’ਤੇ ਲੋਕਾਂ ਵਲੋਂ 16 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਵਾਟਰ ਸਪਲਾਈ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ 3 ਵਜੇ ਤੱਕ 16 ਲੱਖ ਰੁਪਏ ਲੋਕਾਂ ਵੱਲੋਂ ਖੁਦ ਜਮ੍ਹਾਂ ਕਰਾਏ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਣਦੇ ਪਾਣੀ ਦੇ ਬਿੱਲ ਜਮ੍ਹਾਂ ਕਰਾ ਕੇ ਕੁਨੈਕਸ਼ਨ ਦੀ ਕਟੌਤੀ ਤੋਂ ਬਚਾਅ ਕਰਨ।
ਨਗਰ ਨਿਗਮ ਦੀ ਵਾਟਰ ਸਪਲਾਈ ਬ੍ਰਾਂਚ ਦਾ ਸਾਲ 2025-26 ਦਾ ਬਜਟ ਟੀਚਾ 22 ਕਰੋੜ ਦਾ ਹੈ ਤੇ ਹੁਣ ਤੱਕ 16 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ, ਜਦਕਿ ਅਜੇ 3 ਦਿਨ ਦਾ ਵਸੂਲੀ ਦਾ ਸਮਾਂ ਬਾਕੀ ਹੈ ਤੇ ਵਾਟਰ ਸਪਲਾਈ ਬਰਾਂਚ ਵੱਧ ਤੋਂ ਵੱਧ ਵਸੂਲੀ ਦਾ ਯਤਨ ਕਰ ਰਹੀ ਹੈ। ਕੱਲ੍ਹ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਨਿਗਮ ਦੀ ਵਾਟਰ ਸਪਲਾਈ ਬਰਾਂਚ ਖੁੱਲੀ ਰਹੇਗੀ ਅਤੇ ਲੋਕ ਬਿੱਲ ਜਮ੍ਹਾਂ ਕਰਾ ਸਕਣਗੇ।