ਉਡਨ ਦਸਤਾ ਵਾਟਰ ਸਪਲਾਈ ਦੇ ਡਿਫਾਲਟਰਾਂ ਵਿਰੁੱਧ ਕਰੇਗਾ ਦੂਜੇ ਪੜਾਅ ਦੀ ਕਾਰਵਾਈ
ਉਡਨ ਦਸਤਾ ਵਾਟਰ ਸਪਲਾਈ ਦੇ ਡਿਫਾਲਟਰਾਂ ਵਿਰੁੱਧ ਕਰੇਗਾ ਦੂਜੇ ਪੜਾਅ ਦੀ ਕਾਰਵਾਈ
Publish Date: Sun, 01 Feb 2026 09:48 PM (IST)
Updated Date: Mon, 02 Feb 2026 04:17 AM (IST)

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ ਨਗਰ ਨਿਗਮ ਦੀ ਵਾਟਰ ਸਪਲਾਈ ਬਰਾਂਚ ਵੱਲੋਂ ਵਸੂਲੀ ਵਧਾਉਣ ਲਈ ਡਿਫਾਲਟਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਸ ਦਾ ਦੂਜਾ ਪੜਾਅ ਕੱਲ ਸੋਮਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਤੇ ਜਿਹੜੀ ਪਾਣੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ ਜਿਸ ’ਚ ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਕਮਰਸ਼ੀਅਲ ਅਦਾਰਿਆਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਜਾਣਗੇ। ਵਾਟਰ ਸਪਲਾਈ ਦਾ ਉਡਨ ਦਸਤਾ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਤੇ ਚੀਫ ਵਸੂਲੀ ਅਫਸਰ ਅਸ਼ਵਨੀ ਗਿੱਲ ਦੀ ਅਗਵਾਈ ’ਚ ਵਿਸ਼ੇਸ਼ ਦਸਤੇ ਨਾਲ ਡਿਫਾਲਟਰਾਂ ਵਿਰੁੱਧ ਕਾਰਵਾਈ ਕਰੇਗਾ। ਇਹ ਵਪਰਨਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਉਡਨ ਦਸਤੇ ਵੱਲੋਂ ਫਗਵਾੜਾ ਗੇਟ ਜ਼ੋਨ ਦੇ ਰੇਲਵੇ ਰੋਡ ’ਤੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਦਾ ਪਾਣੀ ਦੇ ਬਿੱਲ ਦਾ ਬਕਾਇਆ ਨਾ ਦੇਣ ਤੇ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਜਦੋਂਕਿ ਬਾਕੀ ਲਗਭਗ ਇਕ ਦਰਜਨ ਲੋਕਾਂ ਤੋਂ ਕੁਝ ਨਕਦੀ ਤੇ ਬਾਕੀ ਦੇ ਚੈੱਕ ਪ੍ਰਾਪਤ ਕੀਤੇ ਗਏ ਸਨ ਤੇ ਲੋਕਾਂ ਤੋਂ 2.15 ਲੱਖ ਰੁਪਏ ਦੀ ਵਸੂਲੀ ਵੀ ਕੀਤੀ ਗਈ ਸੀ। ਇਸ ਦੌਰਾਨ ਵਿਸ਼ੇਸ ਵਸੂਲੀ ਅਫਸਰ ਅਸ਼ਵਨੀ ਗਿੱਲ ਨੇ ਕਿਹਾ ਹੈ ਕਿ ਸੋਮਵਾਰ ਨੂੰ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਉਨ੍ਹਾਂ ਵਿਰੁੱਧ ਬਣੀ ਲਿਸਟ ਦੇ ਬਾਕੀ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਕੇ ਬਿਲ ਵਸੂਲ ਕੀਤੇ ਜਾਣਗੇ। ਜਿਹੜਾ ਅਦਾਇਗੀ ਨਹੀਂ ਕਰੇਗਾ ਉਸ ਦੇ ਪਾਣੀ ਦਾ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ। ਇਹ ਵਰਨਣਯੋਗ ਹੈ ਕਿ ਸੰਯੁਕਤ ਕਮਿਸ਼ਨਰ ਨੇ ਵਾਟਰ ਸਪਲਾਈ ਬਰਾਂਚ ਦੀ ਵਸੂਲੀ ਵਧਾਉਣ ਲਈ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਸੰਬਧੀ ਹਦਾਇਤ ਕੀਤੀ ਸੀ ਤੇ ਇਸ ਸਬੰਧ ’ਚ ਉਨ੍ਹਾਂ ਨੇ ਵਾਟਰ ਸਪਲਾਈ ਬਰਾਂਚ ਦੀ ਮੀਟਿੰਗ ਵੀ ਕੀਤੀ ਸੀ। ---------------------- 24 ਕਰੋੜ ਦਾ ਹੈ ਬਜਟ 1.85 ਲੱਖ ਖਪਤਕਾਰਾਂ ਨੂੰ ਜਾਂਦੇ ਹਨ ਬਿੱਲ ਨਗਰ ਨਿਗਮ ਦੀ ਵਾਟਰ ਸਪਲਾਈ ਬਰਾਂਚ ਦਾ ਸਾਲ 2025-26 ਦਾ ਬਜਟ ਟੀਚਾ 24 ਕਰੋੜ ਦਾ ਹੈ ਤੇ ਇਸ ਨੂੰ ਪੂਰਾ ਕਰਨ ਲਈ ਹੀ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਸ਼ੁੂਰੂ ਕੀਤੀ ਗਈ ਹੈ। ਸਾਲ 2024-25 ’ਚ ਬਜਟ ਟੀਚਾ 21 ਕਰੋੜ ਦਾ ਸੀ। ਹੁਣ ਨਗਰ ਨਿਗਮ ਦੀ ਵਾਟਰ ਸਪਲਾਈ ਬਰਾਂਚ ਬਜਟ ਟੀਚੇ ਵੱਲ ਵਧਣ ਲਈ ਵਸੂਲੀ ਵੱਲ ਤੁਰੀ ਹੈ। ਵਧੇਰੇ ਤੌਰ ’ਤੇ ਕਮਰਸ਼ੀਅਲ ਅਦਾਰੇ ਹੀ ਡਿਫਾਲਟਰ ਹਨ ਜਦੋਂਕਿ ਘਰੇਲੂ ਬਿਲਾਂ ਦੀ ਅਦਾਇਗੀ ਤਾਂ ਬਰਾਬਰ ਹੋ ਰਹੀ ਹੈ। ਨਗਰ ਨਿਗਮ ਨੂੰ ਪਿਛਲੇ ਮਹੀਨੇ ਜੀਐੱਸਟੀ ਦਾ ਕੇਵਲ 54 ਲੱਖ ਦਾ ਹੀ ਹਿੱਸਾ ਆਇਆ ਸੀ। ਜਿਸ ਨੂੰ ਦੇਖਦੇ ਹੋਏ ਨਗਰ ਨਿਗਮ ਪ੍ਰਸ਼ਾਸਨ ਨੇ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਲਈ ਸਖ਼ਤੀ ਦਾ ਰੁਖ ਅਪਨਾਇਆ ਹੈ। ਨਗਰ ਨਿਗਮ ਕਮਰਸ਼ੀਅਲ ਤੇ ਘਰੇਲੂ ਪਾਣੀ ਦੇ 1.85 ਲੱਖ ਖਪਤਕਾਰਾਂ ਨੂੰ ਬਿਲਿੰਗ ਕਰਦੀ ਹੈ ਤੇ ਵਧੇਰੇ ਤੌਰ ’ਤੇ ਕਮਰਸ਼ੀਅਲ ਅਦਾਰੇ ਹੀ ਡਿਫਾਲਟਰ ਪਾਏ ਜਾਂਦੇ ਹਨ। --------------------- 6--6 ਮਹੀਨੇ ਦੀ ਬਿਲਿੰਗ ਨਗਰ ਨਿਗਮ ਨੇ ਹੁਣ ਲੋਕਾਂ ਨੂੰ ਪਾਣੀ ਦੇ ਬਿਲ 6--6 ਮਹੀਨੇ ਦੇ ਭੇਜਣੇ ਸ਼ੁਰੂ ਕਰ ਦਿੱਤੇ ਹਨ ਜਦੋਂਕਿ ਇਸ ਤੋਂ ਪਹਿਲਾਂ 3--3 ਮਹੀਨੇ ਦੇ ਪਾਣੀ ਦੇ ਬਿਲ ਭੇਜੇ ਜਾਂਦੇ ਸਨ। ਬਿਲਿੰਗ ’ਚ ਤਬਦੀਲੀ ਕਰਨ ਤੇ 6---6 ਮਹੀਨੇ ਦੇ ਪਾਣੀ ਦੇ ਬਿੱਲ ਭੇਜਣ ਨਾਲ ਨਗਰ ਨਿਗਮ ਨੂੰ 11 ਕਰੋੁੜ ਰੁਪਏ ਦੀ ਵਸੂਲੀ ਹੋਈ ਸੀ ਜਿਹੜਾ ਕਿ ਹੁਣ ਵੀ ਉਹ ਸਿਸਟਮ ਜਾਰੀ ਹੈ। ਹੁਣ ਤਕ 6--6 ਮਹੀਨੇ ਦੀ ਬਿਲਿੰਗ ਕਾਰਨ ਨਿਗਮ ਨੂੰ ਵਾਟਰ ਸਪਲਾਈ ਤੋਂ 10 ਕਰੋੜ ਦੀ ਵਸੂਲੀ ਹੋਈ ਹੈ। ਵਸੂਲੀ ਮੁਹਿੰਮ ਸ਼ੁਰੂ ਹੋਣ ਨਾਲ ਇਸ ’ਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜੇ ਸਾਰਾ ਫਰਵਰੀ ਤੇ ਮਾਰਚ ਮਹੀਨੇ ਦਾ ਸਮਾਂ ਵਸੂਲੀ ਲਈ ਪਿਆ ਹੈ।