ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਠ ਕਰਵਾਇਆ
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਾਠ ਕਰਵਾਇਆ
Publish Date: Sat, 07 Feb 2026 07:39 PM (IST)
Updated Date: Sun, 08 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਨੇ 7 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ਼ ਨੇ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਦੇ ਸੁਹਿਰਦ ਆਸ਼ੀਰਵਾਦ ਤੇ ਅਗਵਾਈ ਹੇਠ ਸ੍ਰੀ ਸਹਿਜ ਪਾਠ ਦਾ ਭੋਗ ਸਮਾਗਮ ਮਨਾਇਆ। ਸਾਰਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਕਿਹਾ ਕਿ ਗੁਰਮਤਿ ਦਾ ਅਸਲ ਸਾਰ ਸਿਰਫ਼ ਪਾਠ ਕਰਨ ’ਚ ਨਹੀਂ ਹੈ, ਸਗੋਂ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਾਡੇ ਰੋਜ਼ਾਨਾ ਜੀਵਨ ’ਚ ਅਮਲ ’ਚ ਲਿਆਉਣ ’ਚ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਾਲਜ ’ਚ ਗੁਰਪੁਰਬ ਮਨਾਉਣ ਦੀ ਇਕ ਅਮੀਰ ਪਰੰਪਰਾ ਹੈ, ਜਿੱਥੇ ਸਮੂਹਿਕ ਭਾਗੀਦਾਰੀ ਤੇ ਲੰਗਰ ਦੀ ਸੇਵਾ ਰਾਹੀਂ ਸਮਾਨਤਾ, ਸੇਵਾ ਤੇ ਨਿਮਰਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਗੁਰਮਤਿ ਸਿੱਖਿਆਵਾਂ ਨਾ ਸਿਰਫ਼ ਸਾਡੇ ਅਧਿਆਤਮਿਕ ਤੇ ਨੈਤਿਕ ਮਾਰਗਾਂ ਨੂੰ ਰੌਸ਼ਨ ਕਰਦੀਆਂ ਹਨ, ਸਗੋਂ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਨੂੰ ਪੈਦਾ ਕਰ ਕੇ ਸਾਡੀ ਅਗਵਾਈ ਵੀ ਕਰਦੀਆਂ ਹਨ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ’ਚ ਬੇਮਿਸਾਲ ਕੁਰਬਾਨੀਆਂ ਤੇ ਸ਼ਹਾਦਤਾਂ ਬਾਰੇ ਵੀ ਚਾਨਣਾ ਪਾਇਆ ਤੇ ਕਿਹਾ ਕਿ ਅਜੋਕੇ ਸਮੇਂ ’ਚ ਜਦੋਂ ਨੌਜਵਾਨਾਂ ਨੂੰ ਨਸ਼ੇ, ਬੇਰੁਜ਼ਗਾਰੀ ਤੇ ਤਣਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਗੁਰੂ ਸਾਹਿਬਾਨ ਦੇ ਪ੍ਰੇਰਨਾਦਾਇਕ ਜੀਵਨ ਇਕ ਸਾਰਥਕ ਦਿਸ਼ਾ ਤੇ ਨੈਤਿਕ ਤਾਕਤ ਪ੍ਰਦਾਨ ਕਰਦੇ ਹਨ। ਇਸ ਪਵਿੱਤਰ ਮੌਕੇ ’ਤੇ, ਗੁਰਦੁਆਰਾ ਅਰਬਨ ਅਸਟੇਟ, ਜਲੰਧਰ ਤੋਂ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਨੇ ਗੁਰਬਾਣੀ ਤੇ ਸ਼ਬਦ ਕੀਰਤਨ ਦੀਆਂ ਰੂਹਾਨੀ ਪੇਸ਼ਕਾਰੀਆਂ ਨਾਲ ਸੰਗਤਾਂ ਨੂੰ ਮੰਤਰਮੁਗਧ ਕੀਤਾ। ਗੁਰੂ ਘਰ ਦੀਆਂ ਸਤਿਕਾਰਯੋਗ ਪਰੰਪਰਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕਾਲਜ ਦੇ ਅਧਿਆਪਨ ਤੇ ਗੈਰ-ਅਧਿਆਪਨ ਸਟਾਫ ਨੇ ਲੰਗਰ ਤਿਆਰ ਕੀਤਾ, ਜੋ ਕਿ ਮੌਜੂਦ ਸਾਰਿਆਂ ’ਚ ਵੰਡਿਆ ਗਿਆ।