- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੀ ਜੰਗ ਅਤੇ ਤਣਾਅਪੂਰਨ ਹਾਲਾਤਾਂ ਦਾ ਅਸਰ ਹੁਣ ਉਦਯੋਗਾਂ ’ਤੇ ਵੀ ਸਾਫ਼ ਤੌਰ ’ਤੇ ਦਿਖਾਈ ਦੇਣ ਲੱਗ ਪਿਆ ਹੈ। ਕੱਚੇ ਮਾਲ ਦੀਆਂ ਕੀਮਤਾਂ ’ਚ ਤੇਜ਼ ਵਾਧਾ ਅਤੇ ਸਪਲਾਈ ਵਿੱਚ ਬੇਭਰੋਸਗੀ ਕਾਰਨ ਉਦਯੋਗ ਜਗਤ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਕਨਵੀਨਰ ਅਤੇ ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਜੰਗ ਕਾਰਨ ਕਈ ਲਾਜ਼ਮੀ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪੀਵੀਸੀ ਰੇਜ਼ਿਨ ਦੀਆਂ ਕੀਮਤਾਂ ਵਿੱਚ ਕਰੀਬ 40 ਤੋਂ 50 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ ਅਤੇ ਇਸ ਦੇ ਬਾਵਜੂਦ ਬਾਜ਼ਾਰ ਵਿੱਚ ਸਮੱਗਰੀ ਦੀ ਕਮੀ ਬਣਦੀ ਜਾ ਰਹੀ ਹੈ, ਜਿਸ ਨਾਲ ਕਾਲਾਬਾਜ਼ਾਰੀ ਦੀ ਸੰਭਾਵਨਾ ਵੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਤੇਲ ਅਤੇ ਲੁਬ੍ਰਿਕੇਟਿੰਗ ਬੇਸ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਲਗਭਗ 25 ਤੋਂ 30 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਨ-ਫੈਰਸ ਧਾਤਾਂ ਦੀਆਂ ਕੀਮਤਾਂ ਵਿੱਚ ਵੀ ਡਾਲਰ ਦੇ ਵਧਦੇ ਮੁੱਲ ਅਤੇ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਭਾਰੀ ਉਛਾਲ ਆਇਆ ਹੈ।
ਉਦਯੋਗਾਂ ਵਿੱਚ ਵੱਡੇ ਪੱਧਰ ‘ਤੇ ਵਰਤੀ ਜਾਣ ਵਾਲੀ ਐੱਲਪੀਜੀ ਗੈਸ ਦੀ ਕਮੀ ਕਾਰਨ ਵੀ ਉਦਯੋਗ ਜਗਤ ਵਿੱਚ ਚਿੰਤਾ ਵਧ ਰਹੀ ਹੈ। ਜੇ ਇਸ ਦੀ ਸਪਲਾਈ ਪ੍ਰਭਾਵਿਤ ਹੋਈ ਤਾਂ ਕਈ ਉਦਯੋਗ ਬੰਦ ਹੋਣ ਅਤੇ ਵਿੱਤੀ ਗਤੀਵਿਧੀਆਂ ਰੁਕਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਉਦਯੋਗਾਂ ਵਿੱਚ ਕੰਮ ਘਟਣ ਕਾਰਨ ਮਜ਼ਦੂਰਾਂ ਵਿੱਚ ਬੇਰੋਜ਼ਗਾਰੀ ਦਾ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਪਹਿਲ ਕਰਦੇ ਹੋਏ ਜੰਗ ਵਿੱਚ ਸ਼ਾਮਲ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਅਪੀਲ ਕੀਤੀ ਕਿ ਸੂਬਾ ਸਰਕਾਰ ਉਦਯੋਗਾਂ ਲਈ ਲਾਜ਼ਮੀ ਕੱਚੇ ਮਾਲ ਦੀ ਉਪਲੱਬਧਤਾ ਯਕੀਨੀ ਬਣਾਉਣ ਅਤੇ ਉਦਯੋਗਾਂ ਨੂੰ ਰਾਹਤ ਦੇਣ ਲਈ ਲੋੜੀਂਦੇ ਕਦਮ ਚੁੱਕੇ, ਤਾਂ ਜੋ ਉਦਯੋਗਾਂ ਦੀ ਨਿਯਮਤ ਉਤਪਾਦਨ ਗਤੀਵਿਧੀਆਂ ਪ੍ਰਭਾਵਿਤ ਨਾ ਹੋਣ। ਸੁਨੀਲ ਸ਼ਰਮਾ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਦਯੋਗਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਲਦ ਹੀ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਉਦਯੋਗ ਪ੍ਰਤਿਨਿਧੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕੱਢਿਆ ਜਾ ਸਕੇ ਤੇ ਉਦਯੋਗਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਰਾਜਨ ਗੁਪਤਾ ਵੀ ਮੌਜੂਦ ਸਨ।