ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਫਿਰਕੂ ਸੋਚ ਦਾ ਪ੍ਰਗਟਾਵਾ
ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਬੀਜੇਪੀ ਦੀ ਫਿਰਕੂ ਸੋਚ ਦਾ ਪ੍ਰਗਟਾਵਾ - ਸਿੱਖ ਤਾਲਮੇਲ ਕਮੇਟੀ
Publish Date: Sat, 28 Mar 2026 10:31 PM (IST)
Updated Date: Sat, 28 Mar 2026 10:32 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋ ਲੰਬੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਬਾਰੇ ਜੋ ਬਿਆਨ ਦਿੱਤਾ ਇਹ ਸਿਰਫ ਬਿੱਟੂ ਦਾ ਬਿਆਨ ਨਹੀਂ ਇਹ ਭਾਜਪਾ ਦੀ ਫਿਰਕੂ ਤੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ। ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਤੇ ਗੁਰਦੀਪ ਸਿੰਘ ਨੇ ਸਾਂਝੇ ਬਿਆਨ ’ਚ ਕਿਹਾ ਹੈ ਰਵਨੀਤ ਬਿੱਟੂ ਨੂੰ ਬਿਆਨ ਦੇਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਭਾਜਪਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਰੀ ਨੋਟੀਫਿਕੇਸ਼ਨ ਜ਼ਰੂਰ ਪੜ੍ਹਨਾ ਚਾਹੀਦਾ ਸੀ। ਉਕਤ ਆਗੂਆਂ ਨੇ ਕਿਹਾ ਭਾਜਪਾ ਦੀ ਨੀਤੀ ਹਮੇਸ਼ਾ ਤੋਂ ਹੀ ਸਿੱਖ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਰਾਮ ਰਹੀਮ ਨੂੰ ਮੌਤ ਤਕ ਦੀ ਉਮਰ ਕੈਦ ਹੋਣ ਦੇ ਬਾਵਜੂਦ ਉਸ ਨੂੰ ਵਾਰ-ਵਾਰ 40-40 ਦਿਨਾਂ ਦੀ ਪੈਰੋਲ ਦੇ ਦਿੱਤੀ ਜਾਂਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਇਹੋ ਜਿਹੀ ਦੋਗਲੀ ਨੀਤੀ ਨੇ ਸਿੱਖ ਕੌਮ ਵਿੱਚ ਬੇਗਾਨਗੀ ਦੀ ਸੋਚ ਪੈਦਾ ਕਰ ਦਿੱਤੀ ਹੈ। ਇਸ ਦੇ ਸਿੱਟੇ ਕਦੀ ਵੀ ਸਹੀ ਨਹੀਂ ਨਿਕਲ ਸਕਦੇ। ਪੰਜਾਬ ਤੋਂ ਬਾਹਰ ਵੱਖ-ਵੱਖ ਥਾਵਾਂ ਤੇ ਸਿੱਖ ਕੌਮ ਦੇ ਗੁਰਧਾਮ ਨੂੰ ਢਹਿ-ਢੇਰੀ ਕੀਤਾ ਗਿਆ ਹੈ। ਬਿਨ੍ਹਾਂ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦਾ ਲੰਘਾ ਬੰਦ ਪਿਆ ਹੈ ਪਰ ਭਾਜਪਾ ਉਹ ਲਾਂਘਾ ਨਹੀਂ ਖੁਲ੍ਹਵਾ ਰਹੀ। ਇਸ ਮੌਕੇ ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ ਚੱਢਾ, ਬਲਦੇਵ ਸਿੰਘ ਸੰਤ ਨਗਰ ਆਦਿ ਹਾਜ਼ਰ ਸਨ।