ਤਰਕਸ਼ੀਲ ਸਾਹਿਤ ਵਿਗਿਆਨਕ ਸੋਚ ਦੇ ਧਾਰਨੀ ਬਣਾਉਂਦੈ : ਬਾਗ਼ਪੁਰ
ਤਰਕਸ਼ੀਲ ਸਾਹਿਤ ਵਿਗਿਆਨਿਕ ਸੋਚ ਦੇ ਧਾਰਨੀ ਬਣਾਉਂਦੈ- ਆਗੂ
Publish Date: Fri, 06 Feb 2026 07:06 PM (IST)
Updated Date: Fri, 06 Feb 2026 07:08 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਵਰ੍ਹੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਗਈ ਸੀ। ਸੁਸਾਇਟੀ ਦੀ ਇਕਾਈ ਸ਼ਾਹਕੋਟ ਵੱਲੋਂ ਇਸ ਪ੍ਰੀਖਿਆ ’ਚ 25 ਸਕੂਲਾਂ ਦੀ ਸ਼ਮੂਲੀਅਤ ਕਰਵਾਈ ਗਈ ਸੀ। ਇਸ ’ਚ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਰੂਪ ’ਚ ਤੋਹਫ਼ੇ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਿਲਸਿਲੇ ਤਹਿਤ ਸ਼ੁੱਕਰਵਾਰ ਨੂੰ ਸ਼ਾਹਕੋਟ ਇਲਾਕੇ ਦੇ ਕੁਝ ਸਕੂਲਾਂ ’ਚ ਤਰਕਸ਼ੀਲ ਸੁਸਾਇਟੀ ਦੀ ਟੀਮ ਵੱਲੋਂ ਕਿਤਾਬਾਂ ਤੇ ਸਰਟੀਫਿਕੇਟ ਵੰਡੇ ਗਏ। ਇਨ੍ਹਾਂ ਸਕੂਲਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਮੂਲੇਵਾਲ ਖਹਿਰਾ, ਸਰਕਾਰੀ ਹਾਈ ਸਕੂਲ ਲਸੂੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ ਸ਼ਾਮਲ ਹਨ। ਇਸ ਮੌਕੇ ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ ਤੇ ਪਾਲ ਬਾਗਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਜਮਾਤਾਂ ਪਾਸ ਕਰਨ ਲਈ ਸਿਲੇਬਸ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ। ਇਹ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ ਤੇ ਇਹ ਸਾਡੇ ਗਿਆਨ ’ਚ ਵਾਧਾ ਕਰਦੀਆਂ ਹਨ। ਚੇਤਨਾ ਪਰਖ ਪ੍ਰੀਖਿਆ ਲੈਣ ਵੇਲੇ ਤਰਕਸ਼ੀਲ ਸੁਸਾਇਟੀ ਵੱਲੋਂ ਹਰ ਵਰ੍ਹੇ ਵਿਸ਼ੇਸ਼ ਕਿਤਾਬਾਂ ਤਿਆਰ ਕਰਵਾਈਆਂ ਜਾਂਦੀਆਂ ਹਨ। ਇਹ ਕਿਤਾਬਾਂ ਜਿੱਥੇ ਵਿਦਿਆਰਥੀਆਂ ਦੇ ਸਰਬ ਪੱਖੀ ਗਿਆਨ ’ਚ ਵਾਧਾ ਕਰਦੀਆਂ ਹਨ, ਉੱਥੇ ਵਹਿਮਾਂ ਭਰਮਾਂ ਤੋਂ ਦੂਰ ਕਰਕੇ ਵਿਗਿਆਨਕ ਸੋਚ ਦੇ ਧਾਰਨੀ ਵੀ ਬਣਾਉਂਦੀਆਂ ਹਨ। ਇਸ ਲਈ ਤਰਕਸ਼ੀਲ ਸਾਹਿਤ ਨਾਲ ਜੁੜਨਾ ਜ਼ਰੂਰੀ ਹੈ। ਤਰਕਸ਼ੀਲ ਆਗੂਆਂ ਨੇ 15 ਫਰਵਰੀ ਨੂੰ ਸ਼ਾਹਕੋਟ ’ਚ ਕਰਵਾਏ ਜਾ ਰਹੇ ਤਰਕਸ਼ੀਲ ਮੇਲੇ ’ਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਲਸੂੜੀ ਸਕੂਲ ਦੇ ਮੁਖੀ ਮੇਜਰ ਸਿੰਘ ਤੇ ਪੂਨੀਆ ਸਕੂਲ ਦੇ ਅਧਿਆਪਕ ਅਮਨਦੀਪ ਕੌਂਡਲ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਅਧਿਆਪਕਾਂ ਨੇ ਅੱਗੋ ਤੋਂ ਵੀ ਸਹਿਯੋਗ ਦਿੰਦੇ ਰਹਿਣ ਦਾ ਵਿਸ਼ਵਾਸ ਦਿਵਾਇਆ।