ਹਲਕਾ ਸੈਂਟਰਲ ’ਚ ਸੜਕਾਂ ਬਣਾਉਣ ਦੇ ਕੰਮ ਨੇ ਫੜੀ ਰਫ਼ਤਾਰ
ਹਲਕਾ ਸੈਂਟਰਲ ’ਚ ਨਵੀਆਂ ਸੜਕਾਂ ਦਾ ਤੇਜ਼ੀ ਨਾਲ ਨਿਰਮਾਣ, ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ
Publish Date: Tue, 07 Apr 2026 07:19 PM (IST)
Updated Date: Tue, 07 Apr 2026 07:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕਾ ਸੈਂਟਰਲ ’ਚ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਲਈ ਸੜਕ ਨਿਰਮਾਣ ਦੇ ਕੰਮ ਜ਼ੋਰਾਂ ’ਤੇ ਹਨ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਖੇਤਰ ਦੇ ਕਈ ਹਿੱਸਿਆਂ ’ਚ ਨਵੀਆਂ, ਚੌੜੀਆਂ ਤੇ ਆਧੁਨਿਕ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਅਜੀਤ ਨਗਰ, ਸੰਤੋਸ਼ੀ ਨਗਰ, ਰਿਆਜ਼ਪੁਰਾ ਸੈਂਟਰਲ ਟਾਊਨ, ਕੋਹਿਨੂਰ ਐਨਕਲੇਵ ਤੇ ਗੁਰੂ ਨਾਨਕਪੁਰਾ (ਚੁਗਿਟੀ ਬਾਈਪਾਸ) ਵਰਗੇ ਖੇਤਰਾਂ ’ਚ ਸੜਕਾਂ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਸਿਰਫ਼ ਟ੍ਰੈਫਿਕ ਸੁਚਾਰੂ ਹੋਵੇਗਾ, ਸਗੋਂ ਖੇਤਰਾਂ ਦਰਮਿਆਨ ਕੁਨੈਕਟਿਵਿਟੀ ਵੀ ਮਜ਼ਬੂਤ ਹੋਵੇਗੀ।
ਨਿਤਿਨ ਕੋਹਲੀ ਨੇ ਦੱਸਿਆ ਕਿ ਇਹ ਵਿਕਾਸ ਸਿਰਫ਼ ਵੱਡੀਆਂ ਸੜਕਾਂ ਤੱਕ ਸੀਮਿਤ ਨਹੀਂ, ਬਲਕਿ ਗਲੀਆਂ ਤੇ ਮੁਹੱਲਿਆਂ ਤੱਕ ਵੀ ਫੈਲਾਇਆ ਗਿਆ ਹੈ ਤਾਂ ਜੋ ਹਰ ਨਾਗਰਿਕ ਨੂੰ ਵਧੀਆ ਸੜਕ ਸੁਵਿਧਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਤੇ ਇਹ ਪ੍ਰੋਜੈਕਟ ਲੰਬੇ ਸਮੇਂ ਲਈ ਟਿਕਾਊ ਬਣਾਏ ਜਾ ਰਹੇ ਹਨ। ਆਧੁਨਿਕ ਤਕਨੀਕ ਤੇ ਉੱਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਨਾਲ ਤਿਆਰ ਕੀਤੀਆਂ ਜਾ ਰਹੀਆਂ ਸੜਕਾਂ ਭਵਿੱਖ ’ਚ ਘੱਟ ਮੁਰੰਮਤ ਦੀ ਲੋੜ ਵਾਲੀਆਂ ਹੋਣਗੀਆਂ। ਇਸ ਨਾਲ ਨਾਗਰਿਕਾਂ ਨੂੰ ਸੁਰੱਖਿਅਤ ਤੇ ਆਰਾਮਦਾਇਕ ਯਾਤਰਾ ਦਾ ਤਜਰਬਾ ਮਿਲੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਮਾਣ ਦੌਰਾਨ ਸਹਿਯੋਗ ਦੇਣ ਤਾਂ ਜੋ ਕੰਮ ਸਮੇਂ ਸਿਰ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਯਤਨ ਹਲਕਾ ਸੈਂਟਰਲ ਦੀ ਬੁਨਿਆਦੀ ਢਾਂਚੇ ਨੂੰ ਨਵੀਂ ਪਛਾਣ ਦੇਣਗੇ ਤੇ ਆਉਣ ਵਾਲੇ ਸਮੇਂ ’ਚ ਇਲਾਕੇ ਦੀ ਤਸਵੀਰ ਬਦਲਣ ’ਚ ਅਹਿਮ ਭੂਮਿਕਾ ਨਿਭਾਉਣਗੇ।