ਭਾਜਪਾ ਵਰਕਰਾਂ ਸਮੇਤ ਰਾਮ ਰਾਜ ਵਿਰਦੀ ਰੈਲੀ ਲਈ ਰਵਾਨਾ
ਭਾਜਪਾ ਵਰਕਰਾਂ ਸਮੇਤ ਰਾਮ ਰਾਜ ਵਿਰਦੀ ਰੈਲੀ ਲਈ ਰਵਾਨਾ
Publish Date: Sun, 15 Mar 2026 06:33 PM (IST)
Updated Date: Sun, 15 Mar 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਭਾਜਪਾ ਮੰਡਲ ਪ੍ਰਤਾਬਪੁਰਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਰਾਮ ਰਾਜ ਵਿਰਦੀ ਵਰਕਰਾਂ ਦੇ ਕਾਫਲੇ ਸਮੇਤ ਬੱਸ ਰਾਹੀਂ ਮੋਗਾ ਦੇ ਕਿੱਲੀ ਚਾਹਲਾਂ ’ਚ ਹੋਣ ਵਾਲੀ ਭਾਜਪਾ ਰੈਲੀ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ’ਚ ਰੈਲੀ ’ਚ ਸ਼ਾਮਲ ਹੋਣ। ਰਾਮ ਰਾਜ ਵਿਰਦੀ ਨੇ ਮਾਨ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਸਰਕਾਰ ਟੀਵੀ ਦੇ ਰਿਮੋਟ ਵਾਂਗ ਦਿੱਲੀ ਦੀ ਲੀਡਰਸ਼ਿਪ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਹਾਲਤ ਚਿੰਤਾਜਨਕ ਬਣ ਚੁੱਕੀ ਹੈ ਤੇ ਸਰਕਾਰ ਹਰ ਵਰਗ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਤੇ ਨਸ਼ਿਆਂ ’ਤੇ ਰੋਕ ਲੱਗਣ ਦੀ ਬਜਾਏ ਇਹ ਸਮੱਸਿਆਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਸੂਬੇ ’ਚ ਲੁੱਟ-ਖੋਹ ਤੇ ਕਤਲ ਵਰਗੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਮ ’ਤੇ ਆਈ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਵੋਟਾਂ ਤਾਂ ਲੈ ਲਈਆਂ, ਪਰ ਹੁਣ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।