ਥਿਆੜਾ ਨੇ ਕੀਤੀ ਮੇਅਰ ਤੇ ਕਮਿਸ਼ਨਰ ਨਾਲ ਮੀਟਿੰਗ
ਕੈਂਟ ਹਲਕੇ ’ਚ ਵਿਕਾਸ ਕੰਮਾਂ ’ ਤੇਜ਼ੀ ਲਿਆਉਣ ਲਈ ਥਿਆੜਾ ਨੇ ਕੀਤੀ ਮੇਅਰ ਤੇ ਕਮਿਸ਼ਨਰ ਨਾਲ ਮੀਟਿੰਗ
Publish Date: Wed, 21 Jan 2026 08:37 PM (IST)
Updated Date: Wed, 21 Jan 2026 08:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਕੈਂਟ ਹਲਕੇ ’ਚ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਲਈ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਟ ਹਲਕੇ ਦੇ ਸਰਬਪੱਖੀ ਵਿਕਾਸ ਕੰਮਾਂ ਦੀ ਰਫਤਾਰ ਤੇਜ਼ ਕੀਤੀ ਜਾਵੇ। ਬੁੱਧਵਾਰ ਨੂੰ ਹੋਈ ਮੀਟਿੰਗ ’ਚ ਜਿਥੇ ਆਮ ਆਦਮੀ ਪਾਰਟੀ ਦੀ ਕੈਂਟ ਹਲਕਾ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਸ਼ਾਮਲ ਹੋਈ, ਉਥੇ ਕੈਂਟ ਹਲਕੇ ਦੇ ਕੌਂਸਲਰ ਤੇ ਵਾਰਡ ਇੰਚਾਰਜ ਸ਼ਾਮਲ ਹੋਏ। ਮੀਟਿੰਗ ’ਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੜਕਾਂ, ਸੀਵਰੇਜ, ਵਾਟਰ ਸਪਲਾਈ ਤੇ ਹੋਰ ਜਿਹੜੇ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ, ਨੂੰ ਨਿਰਧਾਰਤ ਸਮੇਂ ਤੇ ਖਤਮ ਕਰਨ ਲਈ ਕੰਮਾਂ ਦੀ ਰਫਤਾਰ ਵਧਾਈ ਜਾਵੇ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਠੇਕੇਦਾਰਾਂ ਨੂੰ ਸਖਤੀ ਨਾਲ ਹਦਾਇਤ ਦੇਣ ਤਾਂ ਜੋ ਜਿਹੜੇ ਵੀ ਕੰਮ ਹਨ ਉਹ ਨਿਰਧਾਰਤ ਸਮੇਂ ’ਤੇ ਖਤਮ ਹੋ ਸਕਣ। ਅਧਿਕਾਰੀਆਂ ਨੂੰ ਕਿਸੇ ਵੀ ਠੇਕੇਦਾਰ ਨਾਲ ਨਰਮੀ ਨਾ ਵਰਤਣ ਦੀ ਹਦਾਇਤ ਵੀ ਕੀਤੀ ਗਈ। ਕੈਂਟ ਹਲਕੇ ਦੇ ਕੌਂਸਲਰਾਂ ਨੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਵਾਰਡਾਂ ’ਚ ਵਿਕਾਸ ਕੰਮ ਬਹੁਤ ਮੱਠੀ ਰਫਤਾਰ ਨਾਲ ਚੱਲ ਰਹੇ ਹਨ।