ਰੋਡ ਬੰਦ ਕਰਨ ਸਬੰਧੀ ਭੜਕੇ ਬੇਰੀ
ਜਲੰਧਰ ’ਚ ਆਮ ਆਦਮੀ ਪਾਰਟੀ ਦੀ ਵਪਾਰੀ ਮੀਟਿੰਗ ’ਤੇ ਰਜਿੰਦਰ ਬੇਰੀ ਨੇ ਪ੍ਰਗਟ ਕੀਤਾ ਵਿਰੋਧ
Publish Date: Wed, 18 Feb 2026 09:17 PM (IST)
Updated Date: Wed, 18 Feb 2026 09:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਆਮ ਆਦਮੀ ਪਾਰਟੀ ਵੱਲੋਂ ਵਪਾਰੀਆਂ ਨਾਲ ਰੱਖੀ ਗਈ ਮੀਟਿੰਗ ’ਤੇ ਇਤਰਾਜ਼ ਜਤਾਉਂਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਮੀਟਿੰਗ ਲਈ ਚੁਣੀ ਗਈ ਜਗਾ ਬਿਲਕੁਲ ਗਲਤ ਸੀ। ਇਹ ਸ਼ਹਿਰ ਦਾ ਮੁੱਖ ਚੌਕ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਸਕੂਲੀ ਬੱਚਿਆਂ ਤੇ ਦਿਲਕੁਸ਼ਾ ਮਾਰਕੀਟ ਜਾ ਰਹੇ ਵਪਾਰੀਆਂ ਨੂੰ। ਰਜਿੰਦਰ ਬੇਰੀ ਨੇ ਦੱਸਿਆ ਕਿ ਜਦੋਂ ਪਿਛਲੇ 4 ਸਾਲਾਂ ਦੌਰਾਨ ਵਪਾਰੀਆਂ ਦੀਆਂ ਦੁਕਾਨਾਂ ’ਤੇ ਜੀਐੱਸਟੀ ਵਿਭਾਗ ਵੱਲੋਂ ਰੋਜ਼ਾਨਾ ਰੇਡਾਂ ਹੁੰਦੀਆਂ ਰਹੀਆਂ, ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਪਾਰੀਆਂ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਨੇ ਕਿਹਾ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਦੱਸਣਗੇ ਕਿ ਇਸ ਮੀਟਿੰਗ ਲਈ ਕੋਈ ਮਨਜ਼ੂਰੀ ਦਿੱਤੀ ਗਈ ਸੀ ਜਾਂ ਨਹੀਂ। ਜੇ ਕੋਈ ਆਮ ਵਿਅਕਤੀ ਮੇਨ ਰੋਡ ’ਤੇ ਬਿਨਾਂ ਮਨਜ਼ੂਰੀ ਕੋਈ ਪ੍ਰੋਗਰਾਮ ਕਰਦਾ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਂਦੀ ਹੈ। ਬੇਰੀ ਨੇ ਸਪੱਸ਼ਟ ਕੀਤਾ ਕਿ ਜੇ ਮੀਟਿੰਗ ਬਿਨਾਂ ਮਨਜ਼ੂਰੀ ਕਰਵਾਈ ਗਈ ਹੈ ਤਾਂ ਉਸ ਨੂੰ ਲੈ ਕੇ ਉਨ੍ਹਾਂ ’ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।