ਵਿਚਾਰਾਂ ਦੇ ਪ੍ਰਗਟਾਵੇ ਦਾ ਸਤਿਕਾਰ ਕਰੇ ਸਰਕਾਰ : ਦੇਸ਼ ਭਗਤ ਕਮੇਟੀ
ਆਰਐੱਮਬੀ ਚੈਨਲ ਦੀ ਜ਼ੁਬਾਨਬੰਦੀ ਖ਼ਿਲਾਫ਼ ਆਵਾਜ਼ ਬੁਲੰਦ ਕਰੋ : ਦੇਸ਼ ਭਗਤ ਕਮੇਟੀ
Publish Date: Thu, 09 Apr 2026 08:24 PM (IST)
Updated Date: Thu, 09 Apr 2026 08:26 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਆਰਐੱਮਬੀ ਚੈਨਲ ਨੂੰ ਬੰਦ ਕਰਨ ਦੇ ਜਾਰੀ ਫੁਰਮਾਨ ਤੁਰੰਤ ਵਾਪਸ ਲਵੇ ਤੇ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਜਨਮ ਸਿੱਧ ਆਜ਼ਾਦੀ ਦੇ ਹੱਕ ਦਾ ਸਤਿਕਾਰ ਕਰੇ। ਕਮੇਟੀ ਨੇ ਕਿਹਾ ਹੈ ਕਿ 14 ਲੱਖ ਲੋਕਾਂ ਨੂੰ ਸਿੱਧੇ ਰੂਪ ’ਚ ਆਪਣੇ ਕਲਾਵੇ ’ਚ ਲੈਣ ਵਾਲੇ ਇਸ ਚੈਨਲ ਨੇ ਪਿਛਲੇ ਦਿਨਾਂ ਤੋਂ ਲੋਕਾਂ ਦੇ ਹਰ ਭਖ਼ਦੇ ਮਸਲੇ, ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਮੌਕੇ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਨ ਦਾ ਖ਼ਰੀ ਪੱਤਰਕਾਰਤਾ ਦਾ ਆਪਣਾ ਨੈਤਿਕ ਫਰਜ਼ ਅਦਾ ਕੀਤਾ ਹੈ। ਦੇਸ਼ ਭਗਤ ਕਮੇਟੀ ਨੇ ਕਿਹਾ ਹੈ ਕਿ ਪਹਿਲਾਂ 'ਲੋਕ ਆਵਾਜ਼' ਚੈਨਲ ਦਾ ਪੇਜ ਬੰਦ ਕਰਨ ਹੁਣ ਆਰਐੱਮਬੀ ਉੱਪਰ ਹਕੂਮਤੀ ਦਾਬੇ ਦੀ ਬਿਜਲੀ ਡਿਗਣਾ ਇਉ ਹੀ ਕੱਲ੍ਹ ਨੂੰ ਜੋ ਵੀ ਲੋਕਾਂ ਦੀ ਗੱਲ ਕਰੇਗਾ ਉਸ ਉੱਪਰ ਇਸ ਤਰ੍ਹਾਂ ਦੇ ਸਿਕੰਜੇ ਕੱਸੇ ਜਾਣਗੇ ਇਸ ਲਈ ਜਦੋਂ ਮੁਲਕ ਦੇ ਲੋਕ 8 ਅਪ੍ਰੈਲ ਦਾ ਦਿਹਾੜਾ ਮਨਾ ਰਹੇ ਨੇ ਜਦੋਂ ਭਗਤ ਸਿੰਘ ਤੇ ਪੀਕੇ ਦੱਤ ਨੇ ਕਾਲ਼ੇ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ, ਜਦੋਂ ਲੋਕ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਦਿਹਾੜਾ ਮਨਾਉਣ ਲਈ ਤਿਆਰੀਆਂ ਖਿੱਚ ਰਹੇ ਹਨ ਤਾਂ ਉਨ੍ਹਾਂ ਦਿਨਾਂ ਅੰਦਰ ਇਸ ਤਰ੍ਹਾਂ ਦਾ ਹੱਲਾ ਬੋਲ ਕੇ ਪੰਜਾਬ ਸਰਕਾਰ ਉਨ੍ਹਾਂ ਪਦਚਿੰਨ੍ਹਾਂ ’ਤੇ ਹੀ ਚੱਲਣ ਦਾ ਰਾਹ ਫੜ ਰਹੀ ਹੈ, ਜਿਨ੍ਹਾਂ ਖ਼ਿਲਾਫ਼ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਨੇ ਆਵਾਜ਼ ਬੁਲੰਦ ਕੀਤੀ ਸੀ।