ਰਾਏਪੁਰ-ਰਸੂਲਪੁਰ ਗ੍ਰਨੇਡ ਹਮਲਾ ਮਾਮਲੇ ’ਚ ਐੱਨਆਈਏ ਵੱਲੋਂ ਦੋ ਵਿਰੁੱਧ ਅਦਾਲਤ ’ਚ ਚਾਰਜਸ਼ੀਟ ਦਾਇਰ
(ਰਾਏਪੁਰ ਰਸੂਲਪੁਰ ਗ੍ਰਨੇਡ ਹਮਲਾ ਮਾਮਲਾ)
Publish Date: Fri, 03 Apr 2026 08:34 PM (IST)
Updated Date: Sat, 04 Apr 2026 04:13 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਜਲੰਧਰ ਦਿਹਾਤੀ ਦੇ ਰਾਏਪੁਰ ਰਸੂਲਪੁਰ ਪਿੰਡ ’ਚ ਯੂਟਿਊਬਰ ਰੋਜਰ ਸੰਧੂ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਮਹੱਤਵਪੂਰਨ ਕਾਰਵਾਈ ਕੀਤੀ ਹੈ। ਏਜੰਸੀ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਵਿਰੁੱਧ ਇਕ ਵਿਸ਼ੇਸ਼ ਅਦਾਲਤ ’ਚ ਇਕ ਪੂਰਕ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ’ਚ ਗੈਂਗਸਟਰ ਸ਼ਹਿਜ਼ਾਦ ਭੱਟੀ ਜਿਸਦੇ ਪਾਕਿਸਤਾਨ ਨਾਲ ਸਬੰਧ ਹਨ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਭਗੌੜਾ ਐਲਾਨਿਆ ਗਿਆ ਹੈ। ਇਸ ਦੌਰਾਨ ਦੂਜੇ ਮੁਲਜ਼ਮ ਦੀਪੇਂਦਰ ਪ੍ਰਤਾਪ ਸਿੰਘ ਉਰਫ਼ ਦੀਪਨ ਰਾਣਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਕਾਰਵਾਈ ਕੇਸ ਆਰਸੀ-22/2025/ ਐੱਨਆਈਏ/ ਡੀਐੱਲਆਈ ਅਧੀਨ ਕੀਤੀ ਗਈ ਹੈ। ਐੱਨਆਈਏ ਅਨੁਸਾਰ ਸ਼ਹਿਜ਼ਾਦ ਭੱਟੀ ਨੇ ਵਿਦੇਸ਼ ’ਚ ਰਹਿੰਦਿਆਂ ਇਸ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ ਤੇ ਹਮਲਾਵਰਾਂ ਨੂੰ ਏਨਕ੍ਰਿਪਟਡ ਸੰਚਾਰ ਚੈਨਲਾਂ ਰਾਹੀਂ ਨਿਰਦੇਸ਼ ਜਾਰੀ ਕੀਤੇ ਸਨ। ਦੀਪੇਂਦਰ ਪ੍ਰਤਾਪ ਸਿੰਘ ਨੇ ਸਥਾਨਕ ਪੱਧਰ ਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ’ਚ ਮੁੱਖ ਭੂਮਿਕਾ ਨਿਭਾਈ ਤੇ ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਉਹ ਗੈਰ-ਕਾਨੂੰਨੀ ਹਥਿਆਰਾਂ ਤੇ ਵਿਸਫੋਟਕਾਂ ਦੀ ਖਰੀਦ ਤੇ ਪ੍ਰਬੰਧਨ ’ਚ ਸ਼ਾਮਲ ਸੀ। ਇਸ ਮਾਮਲੇ ’ਚ ਮੁਲਜ਼ਮਾਂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ, ਹਥਿਆਰ ਐਕਟ ਤੇ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਹਮਲਾ 16 ਮਾਰਚ, 2025 ਨੂੰ ਸਵੇਰ ਸਮੇਂ ਹੋਇਆ ਸੀ। ਪੰਜਾਬ ਪੁਲਿਸ ਨੇ ਸ਼ੁਰੂ ’ਚ ਇਸ ਮਾਮਲੇ ’ਚ ਇਕ ਐੱਫਆਈਆਰ ਦਰਜ ਕੀਤੀ ਸੀ, ਜਾਂਚ ਸ਼ੁਰੂ ਕੀਤੀ ਸੀ ਤੇ ਪਹਿਲਾਂ ਹੀ ਨੌਂ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ। ਇਸ ਤੋਂ ਬਾਅਦ ਦਸੰਬਰ 2025 ’ਚ ਐੱਨਆਈਏ ਨੇ ਕੇਸ ਆਪਣੇ ਹੱਥਾਂ ’ਚ ਲੈ ਲਿਆ। ਇਸ ਮਾਮਲੇ ਸਬੰਧੀ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਸ਼ਹਿਜ਼ਾਦ ਭੱਟੀ ਸਮੇਤ ਸੱਤ ਮੁਲਜ਼ਮ ਫ਼ਰਾਰ ਹਨ। ਐੱਨਆਈਏ ਇਸ ਵੇਲੇ ਫਰਾਰ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ, ਨਾਲ ਹੀ ਇਸ ਹਮਲੇ ਨਾਲ ਜੁੜੇ ਵੱਡੇ ਅੱਤਵਾਦੀ ਨੈੱਟਵਰਕ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।