ਪੂਰਾ ਦਿਨ ਪਏ ਮੀਂਹ ਕਾਰਨ ਤਾਪਮਾਨ ’ਚ 3-4 ਡਿਗਰੀ ਦੀ ਗਿਰਾਵਟ
ਮਹਾਨਗਰ ’ਚ ਦਿਨ ਭਰ ਮੀਂਹ, ਤਾਪਮਾਨ ’ਚ 3-4 ਡਿਗਰੀ ਦੀ ਕਮੀ, ਅੱਜ ਵੀ ਆਰੈਂਜ ਅਲਰਟ
Publish Date: Thu, 19 Mar 2026 11:21 PM (IST)
Updated Date: Thu, 19 Mar 2026 11:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਵੀਰਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਕਾਰਨ ਠੰਢਾ ਦਾ ਅਹਿਸਾਸ ਵੀ ਵਧ ਗਿਆ। ਮੌਸਮ ਵਿਭਾਗ ਵੱਲੋਂ 4.6 ਐੱਮਐੱਮ ਬਾਰਿਸ਼ ਦਰਜ ਕੀਤੀ ਗਈ, ਜਿਸ ਦਾ ਅਸਰ ਤਾਪਮਾਨ ’ਤੇ ਵੀ ਦਿਖਾਈ ਦਿੱਤਾ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 19.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 14.1 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਕ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 23.1 ਤੇ ਘੱਟ ਤੋਂ ਘੱਟ 15.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਹਿਸਾਬ ਨਾਲ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਕਮੀ ਆਈ ਹੈ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਬੱਦਲ, ਮੀਂਹ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸ਼ੁੱਕਰਵਾਰ ਨੂੰ ਵੀ ਤੇਜ਼ ਹਵਾਵਾਂ, ਮੀਂਹ ਤੇ ਬੂੰਦਾਂਬਾਦੀ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਜੇ ਦੂਜੇ ਦਿਨ ਵੀ ਮੀਂਹ ਪੈਂਦਾ ਹੈ ਤਾਂ ਤਾਪਮਾਨ ’ਚ ਹੋਰ ਕਮੀ ਆ ਸਕਦੀ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਤੇ ਮੀਂਹ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਪੁੱਜ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵੱਧਣ ਕਾਰਨ ਗਰਮੀ ਵਧ ਗਈ ਸੀ, ਜਿਸ ਨਾਲ ਕਿਸਾਨਾਂ ਨੂੰ ਫਸਲ ਖਰਾਬ ਹੋਣ ਦੀ ਚਿੰਤਾ ਸੀ। ਇਸ ਕਾਰਨ ਕਣਕ ਦੀ ਫਸਲ ਲਈ ਸਿੰਚਾਈ ਦੀ ਲੋੜ ਸੀ। ਹੁਣ ਮੀਂਹ ਨਾਲ ਤਾਪਮਾਨ ਸੰਤੁਲਿਤ ਹੋ ਗਿਆ ਹੈ। ਮਾਰਚ ਦੇ ਤੀਜੇ ਹਫ਼ਤੇ ਤੋਂ ਧੁੱਪ ਲੱਗਣ ਨਾਲ ਕਣਕ ਦਾ ਰੰਗ ਬਦਲਣਾ ਸ਼ੁਰੂ ਹੋਵੇਗਾ। ਇਸ ਦੌਰਾਨ ਜੇ ਤੇਜ਼ ਹਵਾਵਾਂ ਤੇ ਮੀਂਹ ਪਿਆ ਤਾਂ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ------------------------- ਬੱਚਿਆਂ ਤੇ ਬਜ਼ੁਰਗਾਂ ਨੂੰ ਫਿਲਹਾਲ ਸਾਵਧਾਨੀ ਦੀ ਲੋੜ ਸਿਵਲ ਹਸਪਤਾਲ ਤੋਂ ਸੇਵਾਮੁਕਤ ਐੱਸਐੱਮਓ ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਮੀਂਹ ਨਾਲ ਹਵਾ ’ਚ ਮੌਜੂਦ ਪ੍ਰਦੂਸ਼ਿਤ ਕਣ ਜ਼ਮੀਨ ’ਤੇ ਡਿੱਗੇ ਹਨ। ਇਸ ਨਾਲ ਵਾਇਰਲ ਕਾਰਨ ਹੋਣ ਵਾਲੀ ਖੰਘ ਤੇ ਜ਼ੁਕਾਮ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਧੂੜ-ਮਿੱਟੀ ਨਾਲ ਹੋਣ ਵਾਲੀ ਐਲਰਜੀ ’ਚ ਵੀ ਕਮੀ ਆਵੇਗੀ। ਹਾਲਾਂਕਿ ਪਿਛਲੇ ਦੋ ਹਫ਼ਤਿਆਂ ਤੋਂ ਵਾਇਰਲ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਸੀ ਪਰ ਆਉਣ ਵਾਲੇ ਦਿਨਾਂ ’ਚ ਇਹ ਘੱਟ ਹੋ ਸਕਦੀ ਹੈ। ਫਿਰ ਵੀ ਮੌਸਮ ’ਚ ਆ ਰਹੇ ਉਤਾਰ-ਚੜ੍ਹਾਅ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੀ ਲੋੜ ਹੈ। ਖ਼ਾਸ ਕਰਕੇ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਪਾ ਕੇ ਰੱਖੋ।