ਬਾਲ ਭਿੱਖਿਆ ਰੋਕਣ ਲਈ ਸ਼ਹਿਰ ’ਚ ਵੱਖ-ਵੱਖ ਥਾਈਂ ਛਾਪੇਮਾਰੀ
ਬਾਲ ਭਿਖਿਆ ਰੋਕਣ ਲਈ ਸ਼ਹਿਰ ’ਚ ਵੱਖ-ਵੱਖ ਥਾਈਂ ਛਾਪੇਮਾਰੀ
Publish Date: Sun, 18 Jan 2026 08:18 PM (IST)
Updated Date: Mon, 19 Jan 2026 04:21 AM (IST)

- ਟੀਮਾਂ ਨੇ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਜਾਗਰੂਕ ਵੀ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਮੁੱਖ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਬਾਲ ਭਿੱਖਿਆ ਰੋਕਣ ਲਈ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਬੱਸ ਸਟੈਂਡ, ਪਿਮਸ, ਚੁਨਮੁਨ ਮਾਲ ਤੇ ਗੀਤਾ ਮੰਦਰ ਮਾਡਲ ਟਾਊਨ ਨੇੜਲੇ ਇਲਾਕਿਆਂ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਅਫ਼ਸਰ ਜਲੰਧਰ ਤੇ ਹੋਰ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ। ਇਸ ਦੌਰਾਨ ਟੀਮ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਵੀ ਜਾਗਰੂਕ ਕੀਤਾ। ਜਿਲ੍ਹਾ ਟੀਮ ਵੱਲੋਂ ਲੋਕਾਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ, ਬੱਚਿਆਂ ਨਾਲ ਛੇੜਛਾੜ ਤੇ ਜਿਨਸੀ ਸ਼ੋਸ਼ਣ ਵਰਗੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ। ਇਹ ਵੀ ਦੱਸਿਆ ਕਿ ਜੇ ਕਿਸੇ ਨੂੰ ਬਾਲ ਭਿਖਿਆ, ਕਿਸੇ ਵੀ ਮੁਸੀਬਤ ’ਚ ਫਸੇ ਬੱਚੇ ਬਾਰੇ ਜਾਣਕਾਰੀ ਮਿਲੇ, ਤਾਂ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ ਜਾਂ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਾਂਧੀ ਵਨੀਤਾ ਆਸ਼ਰਮ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।