ਰਾਘਵ ਚੱਢਾ ਦਾ ਆਪਣੀ ਹੀ ਪਾਰਟੀ ’ਤੇ ਤਣਜ਼-ਨੇਤਾ ਤੇ ਉੱਪ ਨੇਤਾ ਦੋਵੇਂ ਗੈਰ-ਹਾਜ਼ਰ
ਜਾਗਰਣ ਨਿਊਜ਼ ਨੈੱਟਵਰਕ, ਨਵੀਂ
Publish Date: Fri, 17 Apr 2026 08:50 PM (IST)
Updated Date: Fri, 17 Apr 2026 08:54 PM (IST)

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ’ਤੇ ਤਿੱਖਾ ਤਣਜ਼ ਕੀਤਾ। ਉਨ੍ਹਾਂ ਨੇ ਸਦਨ ’ਚ ਮੁੱਖ ਨੇਤਾਵਾਂ ਦੀ ਗੈਰ-ਹਾਜ਼ਰੀ ਵੱਲ ਧਿਆਨ ਦਿਵਾਉਂਦੇ ਹੋਏ ਆਪਣੀ ਮੌਜੂਦਗੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਾ ਤਾਂ ਪਾਰਟੀ ਦੇ ਨੇਤਾ ਤੇ ਨਾ ਹੀ ਹਾਲ ’ਚ ਨਿਯੁਕਤ ਉੱਪ ਨੇਤਾ ਸਦਨ ’ਚ ਹਾਜ਼ਰ ਹਨ, ਜਦਕਿ ਉਹ ਖੁਦ ਮੌਜੂਦ ਹਨ। ਉਨ੍ਹਾਂ ਕਿਹਾ,‘ਮੇਰੀ ਪਾਰਟੀ ਦੇ ਨੇਤਾ ਸਦਨ ’ਚ ਹਾਜ਼ਰ ਨਹੀਂ ਹਨ। ਮੇਰੀ ਪਾਰਟੀ ਦੇ ਨਵ-ਨਿਯੁਕਤ ਉੱਪ ਨੇਤਾ ਵੀ ਸਦਨ ’ਚ ਹਾਜ਼ਰ ਨਹੀਂ ਹਨ। ਮੈਂ ਹਾਲ ਹੀ ’ਚ ਹਟਾਇਆ ਗਿਆ ਉੱਪ ਨੇਤਾ ਹਾਂ ਤੇ ਸਦਨ ’ਚ ਹਾਜ਼ਰ ਹਾਂ। ਮੈਨੂੰ ਬੋਲਣ ਦਾ ਮੌਕਾ ਦੇਣ ਲਈ ਬਹੁਤ-ਬਹੁਤ ਧੰਨਵਾਦ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਰੂਪ ’ਚ ਹਰਿਵੰਸ਼ ਦੇ ਮੁੜ ਚੁਣੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਚੱਢਾ ਨੂੰ ਹਾਲ ਹੀ ’ਚ ਰਾਜ ਸਭਾ ’ਚ ਆਮ ਆਦਮੀ ਪਾਰਟੀ ਦੇ ਉੱਪ ਨੇਤਾ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਦੋਸ਼ ਹੈ ਕਿ ਪਾਰਟੀ ਨੇ ਸਦਨ ’ਚ ਉਨ੍ਹਾਂ ਦੇ ਬੋਲਣ ਦਾ ਸਮਾਂ ਵੀ ਘੱਟ ਕਰ ਦਿੱਤਾ ਹੈ। ਇਸ ਘਟਨਾ ਨੇ ਪਾਰਟੀ ਦੇ ਅੰਦਰ ਮਤਭੇਦ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ। ਸੰਜੇ ਸਿੰਘ ਰਾਜ ਸਭਾ ’ਚ ਆਪ ਦੇ ਨੇਤਾ ਹਨ ਤੇ ਪੰਜਾਬ ਤੋਂ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਦੋ ਅਪ੍ਰੈਲ ਨੂੰ ਚੱਢਾ ਦੀ ਜਗ੍ਹਾ ਉੱਚ ਸਦਨ ’ਚ ਉੱਪ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਹਾਲਾਂਕਿ ਪਾਰਟੀ ਨੇ ਸ਼ੁਰੂ ’ਚ ਇਸ ਕਦਮ ਨੂੰ ਇਕ ਆਮ ਸੰਗਠਨਿਕ ਫੇਰਬਦਲ ਦੱਸਿਆ ਪਰ ਛੇਤੀ ਹੀ ਇਹ ਇਕ ਜਨਤਕ ਵਿਵਾਦ ’ਚ ਬਦਲ ਗਿਆ। ਪਾਰਟੀ ਨੇਤਾਵਾਂ ਨੇ ਰਾਘਵ ਚੱਢਾ ’ਤੇ ਸਮਝੌਤਾ ਕਰਨ ਤੇ ਪਾਰਟੀ ਦੀ ਲਾਈਨ ਦਾ ਪਾਲਨ ਨਾ ਕਰਨ ਦਾ ਦੋਸ਼ ਲਗਾਇਆ। ਆਪ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਨ ਤੋਂ ਪ੍ਰਹੇਜ਼ ਕੀਤਾ ਤੇ ਇਸ ਦੀ ਬਜਾਇ ਜਨਸੰਪਰਕ ’ਚ ਲੱਗੇ ਰਹੇ।