ਅਗਲੇ ਮਹੀਨੇ ਜਾਰੀ ਹੋਵੇਗੀ ਉਦਯੋਗਿਕ ਨੀਤੀ : ਸੰਜੀਵ ਅਰੋੜਾ
ਅਗਲੇ ਮਹੀਨੇ ਜਾਰੀ ਹੋਵੇਗੀ ਪੰਜਾਬ ਦੀ ਉਦਯੋਗਿਕ ਨੀਤੀ-ਸੰਜੀਵ ਅਰੋੜਾ
Publish Date: Mon, 05 Jan 2026 09:54 PM (IST)
Updated Date: Mon, 05 Jan 2026 09:56 PM (IST)

-ਕਿਹਾ, ਸਾਡੀ ਸਰਕਾਰ ਨੇ ਦੇਸ਼ ਦੀ ਸਭ ਤੋਂ ਵਧੀਆ ਉਦਯੋਗਿਕ ਨੀਤੀ ਕੀਤੀ ਤਿਆਰ -ਕਿਹਾ, ਫਿਰੌਤੀ ਮੰਗਣ ਵਾਲਿਆਂ ਤੋਂ ਡਰਨ ਦੀ ਲੋੜ ਨਹੀਂ, ਪੰਜਾਬ ਪੁਲਿਸ ਨਜਿੱਠਣ ਲਈ ਸਮਰੱਥ ਜਤਿੰਦਰ ਪੰਮੀ, ਪੰਜਾਬੀ ਜਾਗਰਣ ਜਲੰਧਰ : ‘ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਆਪਣੀ ਨਵੀਂ ਉਦਯੋਗਿਕ ਨੀਤੀ ਅਗਲੇ ਮਹੀਨੇ ਜਾਰੀ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਈ ਗਈ ਇਹ ਉਦਯੋਗਿਕ ਨੀਤੀ ਦੇਸ਼ ਦੀ ਸਭ ਤੋਂ ਵਧੀਆ ਨੀਤੀ ਸਾਬਤ ਹੋਵੇਗੀ। ਇਸ ਨਾਲ ਜਿੱਥੇ ਸੂਬੇ ਵਿਚਲੇ ਉਦਯੋਗ ਹੋਰ ਪ੍ਰਫੁੱਲਤ ਹੋਣਗੇ, ਉਥੇ ਹੀ ਦੇਸ਼ ਤੇ ਵਿਦੇਸ਼ ਤੋਂ ਵੀ ਉਦਯੋਗਪਤੀ ਪੰਜਾਬ ’ਚ ਨਿਵੇਸ਼ ਕਰਨਗੇ।’ ਇਹ ਦਾਅਵਾ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਇੱਥੇ ਨੀਤੀ ਅਯੋਗ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਖੇਡ ਉਦਯੋਗ ਲਈ ਮੌਕਿਆਂ ਤੇ ਦਰਪੇਸ਼ ਚੁਣੌਤੀਆਂ ਬਾਰੇ ਕਰਵਾਈ ਗਈ ਮੀਟ ਦੇ ਉਦਘਾਟਨੀ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਦੇਸ਼ ਦੀ ਸਭ ਤੋਂ ਵਧੀਆ ਨੀਤੀ ਤਿਆਰ ਕੀਤੀ ਗਈ ਹੈ। ਇਹ ਨੀਤੀ ਇਸ ਮਹੀਨੇ ਲਾਗੂ ਕੀਤੀ ਜਾਣੀ ਸੀ ਪਰ ਹੁਣ ਫਰਵਰੀ ਮਹੀਨੇ ’ਚ ਲਾਗੂ ਕਰ ਦਿੱਤੀ ਜਾਵੇਗੀ। ਇਸ ਨੀਤੀ ’ਚ ਉਦਯੋਗਾਂ ਤੇ ਉਦਯੋਗਪਤੀਆ ਦੇ ਨਾਲ-ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਉਦਯੋਗ ਲਾਉਣ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆ ਜਾਣਗੀਆਂ। ਖੇਡ ਨਗਰੀ ਜਲੰਧਰ ਦੀ ਖੇਡ ਸਨਅਤ ਬਾਰੇ ਅਰੋੜਾ ਨੇ ਕਿਹਾ ਕਿ ਜਲੰਧਰ ਦੀ ਖੇਡ ਸਨਅਤ ਦੇਸ਼ ਅੰਦਰ ਖੇਡਾਂ ਦਾ ਸਾਮਾਨ ਬਣਾਉਣ ’ਚ 75 ਫੀਸਦੀ ਹਿੱਸਾ ਪਾ ਰਹੀ ਹੈ ਪਰ ਜੇ ਵਿਸ਼ਵ ਪੱਧਰ ’ਤੇ ਖੇਡ ਸਨਅਤ ਵੱਲੋਂ ਖੇਡ ਉਤਪਾਦ ਬਣਾਉਣ ਵਿਚ ਪਾਏ ਜਾਣ ਵਾਲੇ ਯੋਗਦਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਅੱਧਾ ਫੀਸਦ ਹੀ ਬਣਦਾ ਹੈ, ਜੋ ਕਿ ਬਹੁਤ ਘੱਟ ਹੈ। ਅੱਜ ਦੀ ਮੀਟ ਦੌਰਾਨ ਜਲੰਧਰ ਦੀ ਖੇਡ ਸਨਅਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੀਤੀ ਆਯੋਗ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾ ਸਕਦੇ ਹਨ, ਬਾਰੇ ਚਰਚਾ ਕੀਤੀ ਗਈ ਹੈ। ਖੇਡ ਸਨਅਤਕਾਰਾਂ ਵੱਲੋਂ ਸਨਅਤ ਲਈ ਵਿਸ਼ਵ ਪੱਧਰ ’ਤੇ ਮਿਲਣ ਵਾਲੇ ਮੌਕਿਆਂ ਤੇ ਚੁਣੌਤੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੇ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਸੁਮਨ ਬੇਰੀ ਵੱਲੋਂ ਕੇਂਦਰ ਸਰਕਾਰ ਸਾਹਮਣੇ ਰੱਖਿਆ ਜਾਵੇਗਾ ਅਤੇ ਸਮੱਸਿਆਵਾਂ ਦੇ ਹੱਲ ਲਈ ਜ਼ੋਰਦਾਰ ਢੰਗ ਨਾਲ ਸਿਫਾਰਸ਼ ਕੀਤੇ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸੁਮਨ ਬੇਰੀ ਪੰਜਾਬ ਨਾਲ ਸਬੰਧਤ ਹਨ, ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਉਹ ਜਲੰਧਰ ਦੀ ਖੇਡ ਸਨਅਤ ਦੇ ਮੁੱਦੇ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਕੰਮ ਕਰਨਗੇ। ਅਸੀਂ ਖੇਡ ਸਨਅਤ ਨੂੰ ਹੋਰ ਪ੍ਰਫੁੱਲਤ ਕਰਾਂਗੇ ਅਤੇ ਵਿਸ਼ਵ ’ਚ ਆਪਣੀ ਭਾਈਵਾਲੀ ਹੋਰ ਵਧਾਈ ਜਾਵੇਗੀ। ਕ੍ਰਿਕਟ ਬੈਟ ਬਣਾਉਣ ਵਾਲੇ ਖੇਡ ਉਦਯੋਗਾਂ ਨੂੰ ਕਸ਼ਮੀਰ ਤੋਂ ਮਿਲਣ ਵਾਲੇ ਕੱਚੇ ਮਾਲ ਦੀ ਸਮੱਸਿਆ ਬਾਰੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਖੇਡ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਹੈ ਪਰ ਕਿਸੇ ਨੇ ਵੀ ਇਸ ਸਮੱਸਿਆ ਬਾਰੇ ਗੱਲ ਨਹੀਂ ਕੀਤੀ ਹਾਲਾਂਕਿ ਇਸ ਦੀ ਘਾਟ ਹੋਣ ਬਾਰੇ ਜ਼ਰੂਰ ਜ਼ਿਕਰ ਕੀਤਾ ਹੈ। ਜੰਮੂ-ਕਸ਼ਮੀਰ ’ਚੋਂ ਕੱਚੀ ਲੱਕੜ ਦੀ ਬਜਾਏ ਕੱਚੇ ਬੈਟ ਮੰਗਵਾਉਣ ਦੀ ਸਮੱਸਿਆ ਬਾਰੇ ਸੰਜੀਵ ਅਰੋੜਾ ਨੇ ਕਿਹਾ ਕਿ ਹਰ ਸੂਬਾ ਸਰਕਾਰ ਆਪਣੇ ਸੂਬੇ ’ਚ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਦੂਜੇ ਸੂਬਿਆ ਨਾਲ ਮੁਕਾਬਲਾ ਕਰਦਾ ਹੈ, ਜੋ ਕਿ ਦੇਸ਼ ਦੀ ਤਰੱਕੀ ਲਈ ਲਾਹੇਵੰਦ ਵੀ ਹੈ। ਇਸ ਲਈ ਪੰਜਾਬ ਵੀ ਦੇਸ਼ ਦੇ ਦੂਜੇ ਸੂਬਿਆਂ ’ਚੋਂ ਨਿਵੇਸ਼ਕਾਂ ਨੂੰ ਲਿਆਉਣ ਤੋਂ ਇਲਾਵਾ ਵਿਦੇਸ਼ਾਂ ’ਚ ਜਾ ਕੇ ਵੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸੂਬੇ ’ਚ ਅਮਨ-ਕਾਨੂੰਨ ਸਥਿਤੀ ਖਰਾਬ ਹੋਣ ’ਤੇ ਉਦਯੋਗਪਤੀਆਂ ਤੇ ਵਪਾਰੀਆਂ ਕੋਲੋਂ ਫਿਰੌਤੀ ਮੰਗੇ ਜਾਣ ਅਤੇ ਨਾ ਦੇਣ ਵਾਲਿਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਏ ਜਾਣ ਸਬੰਧੀ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਅਮਨ-ਕਾਨੂੰਨ ਦੇ ਮਾਮਲੇ ’ਚ ਪੰਜਾਬ ਦੀ ਸਥਿਤੀ ਦੇਸ਼ ਦੇ ਹੋਰਨਾਂ ਸੂਬਿਆ ਦੇ ਮੁਕਾਬਲੇ ਕਿਤੇ ਬਿਹਤਰ ਹੈ। ਉਨ੍ਹਾਂ ਦੀ ਸੂਬੇ ਦੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਅਪੀਲ ਹੈ ਕਿ ਜੇਕਰ ਕੋਈ ਉਨ੍ਹਾਂ ਕੋਲੋਂ ਫਿਰੌਤੀ ਮੰਗਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਜਾਵੇ। ਪੰਜਾਬ ਪੁਲਿਸ ਅਜਿਹੇ ਅਨਸਰਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਦਯੋਗਪਤੀਆ ਦੀ ਹਰ ਪੱਖੋਂ ਸੁਰੱਖਿਆ ਕਰਨ ਸਰਕਾਰ ਤੇ ਪੰਜਾਬ ਪੁਲਿਸ ਵਚਨਬੱਧ ਹੈ। ਇਸ ਮੌਕੇ ਨੀਤੀ ਆਯੋਗ ਭਾਰਤ ਦੇ ਵਾਈਸ ਚੇਅਰਪਰਸਨ ਸੁਮਨ ਬੇਰੀ, ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਸੰਜੀਤ ਸਿੰਘ, ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ। --- ਜਲੰਧਰ ’ਚ ਛੇਤੀ ਖੁੱਲ੍ਹੇਗਾ ਐੱਮਐੱਸਐੱਮਈ ਆਰ ਐਂਡ ਡੀ ਐਕਸਟੈਨਸ਼ਨ ਸੈਂਟਰ ਜਲੰਧਰ ’ਚ ਖੇਡ ਸਨਅਤ ਲਈ ਐੱਮਐੱਸਐੱਮਈ ਟੈਕਨਾਲੋਜੀ ਡਿਵੈੱਲਪਮੈਂਟ ਐਕਸਟੈਨਸ਼ਨ ਸੈਂਟਰ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਸੋਮਵਾਰ ਨੂੰ ਜਲੰਧਰ ਦੀ ਗੌਰਮਿੰਟ ਇੰਸਟੀਚਿਊਟ ਆਫ ਲੈਦਰ ਐਂਡ ਫੁੱਟਵੀਅਰ ਗੁੱਡਸ ਜਲੰਧਰ ਦਾ ਪੀਪੀਡੀਸੀ ਮੇਰਠ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਪੀਪੀਡੀਸੀ ਮੇਰਠ ਵੱਲੋਂ 10-12 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਐਕਸਟੈਨਸ਼ਨ ਸੈਂਟਰ ਵਿਕਸਿਤ ਕੀਤਾ ਜਾਵੇਗਾ, ਜਿਸ ’ਚ ਕੌਮਾਂਤਰੀ ਪੱਧਰ ਦੀ ਟੈਸਟਿਗ ਲੈਬ ਵੀ ਤਿਆਰ ਕੀਤੀ ਜਾਵੇਗੀ। ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਜਲੰਧਰ ’ਚ ਟੈਕਨਾਲੋਜੀ ਡਿਵੈੱਲਪਮੈਂਟ ਐਕਸਟੈਨਸ਼ਨ ਸੈਂਟਰ ਬਣਨ ਨਾਲ ਖੇਡ ਸਨਅਤ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ। ਇਸ ਲਈ ਖੇਡਾਂ ਦੇ ਸਾਮਾਨ ਦੀ ਗੁਣਵੱਤਾ ਵਿਸ਼ਵ ਪੱਧਰੀ ਬਣਾਉਣ ਲਈ ਖੋਜ ਤੇ ਵਿਕਾਸ ਕਾਰਜ ਕੀਤੇ ਜਾਣਗੇ। ਇਸ ਦੇ ਨਾਲ ਹੀ ਤਿਆਰ ਹੋਣ ਵਾਲੇ ਕੌਮਾਂਤਰੀ ਪੱਧਰ ਦੀ ਲੈਬ ’ਚ ਸਨਅਤਕਾਰ ਆਪਣੇ ਉਤਪਾਦਾਂ ਦੇ ਸੈਂਪਲ ਤਿਆਰ ਕਰਵਾ ਕੇ ਖਰੀਦਦਾਰਾਂ ਨੂੰ ਭੇਜ ਸਕਣਗੇ ਜੋ ਕਿ ਕੌਮਾਂਤਰੀ ਮਾਪਦੰਡਾਂ ਮੁਤਾਬਕ ਹੋਣਗੇ ਅਤੇ ਉਕਤ ਲੈਬ ਦੀ ਰਿਪੋਰਟ ਵਿਸ਼ਵ ਭਰ ’ਚ ਮੰਨਣਯੋਗ ਹੋਵੇਗੀ।