ਪੰਜਾਬੀ ਮੂਲ ਨੇ ਇਮੀਗ੍ਰੇਸ਼ਨ ਵਕੀਲ ਦੱਸ ਕੇ ਮਾਰੀ ਲੱਖਾਂ ਦੀ ਠੱਗੀ
ਵਰਕ ਵੀਜ਼ਾ ਲਗਵਾਉਣ
Publish Date: Thu, 12 Mar 2026 09:07 PM (IST)
Updated Date: Thu, 12 Mar 2026 09:09 PM (IST)
ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਵਸੂਲੇ ਡਾਲਰ, ਕਿਚਨਰ ਪੁਲਿਸ ਨੇ ਜਾਰੀ ਕੀਤਾ ਵਾਂਟਡ ਨੋਟਿਸ
ਜਾਸ, ਜਲੰਧਰ : ਕੈਨੇਡਾ ਦੇ ਓਂਟਾਰੀਓ ਸੂਬਾ ਦੇ ਕਿਚਨਰ ਸ਼ਹਿਰ ’ਚ ਪੰਜਾਬੀ ਮੂਲ ਵਿਅਕਤੀ ਨੇ ਖੁਦ ਨੂੰ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਸ਼ਿਕਾਇਤ ਦਰਜ ਹੋਣ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਹੈ ਤੇ ਪੁਲਿਸ ਉਸ ਦੀ ਭਾਲ ’ਚ ਜੁਟ ਗਈ ਹੈ। ਕਿਚਨਰ ਪੁਲਿਸ ਨੇ ਉਸ ਨੂੰ ਵਾਂਟਿਡ ਐਲਾਨਦਿਆਂ ਫੋਟੋ ਵੀ ਜਾਰੀ ਕੀਤੀ ਹੈ। ਜਾਣਕਾਰੀ ਅਨੁਸਾਰ, ਉਸ ਨੇ ਪੰਜਾਬ ਦੇ ਕਈ ਸ਼ਹਿਰਾਂ ਦੇ ਲੋਕਾਂ ਨੂੰ ਠੱਗਿਆ ਹੈ, ਜਿਸ ’ਚ ਜਲੰਧਰ ਦੇ ਲੋਕ ਵੀ ਸ਼ਾਮਲ ਹਨ। ਮੁਲਜ਼ਮ ਦੀ ਪਛਾਣ 34 ਸਾਲਾ ਹਰਸ਼ਰਨ ਆਹਲੂਵਾਲੀਆ ਵਜੋਂ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਪਿਛੋਕੜ ਪੰਜਾਬ ਦਾ ਹੈ ਤੇ ਉਸ ਕੋਲ ਕੈਨੇਡਾ ਦਾ ਪਾਸਪੋਰਟ ਵੀ ਹੈ।
ਦੋਸ਼ ਹੈ ਕਿ ਆਹਲੂਵਾਲੀਆ ਨੇ ਕਿਚਨਰ ਇਲਾਕੇ ’ਚ ਲੋਕਾਂ ਨੂੰ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦਿੱਤਾ ਅਤੇ ਹਰੇਕ ਵਿਅਕਤੀ ਤੋਂ ਲੱਖਾਂ ਰੁਪਏ ਵਸੂਲੇ। ਕਈ ਮਹੀਨਿਆਂ ਤੱਕ ਵੀਜ਼ਾ ਪ੍ਰਕਿਰਿਆ ’ਚ ਕੋਈ ਪ੍ਰਗਤੀ ਨਾ ਦੇਖ ਕੇ ਲੋਕਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਦੇ ਦਫਤਰ ’ਚ ਜਾ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੇ ਮੌਜੂਦ ਨਹੀਂ ਸੀ। ਜਦੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ ਤਾਂ ਪੀੜਤਾਂ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ।
ਸ਼ਿਕਾਇਤ ਮਿਲਣ ਮਗਰੋਂ ਉਥੋਂ ਦੀ ਪੁਲਿਸ ਨੇ ਮੁਲਜ਼ਮ ਦੇ ਦੱਸੇ ਪਤੇ 'ਤੇ ਕਈ ਵਾਰ ਛਾਪੇਮਾਰੀ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਹਰਸ਼ਰਨ ਆਹਲੂਵਾਲੀਆ ਨੂੰ ਕੈਨੇਡਾ ਦੇ ਵਾਂਟਿਡ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਲ ਕਰ ਦਿੱਤਾ ਤੇ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਖੁਦ ਨੂੰ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦਾ ਦਾਅਵਾ ਕਰਦਾ ਸੀ। ਉਹ ਲੋਕਾਂ ਤੋਂ ਲੀਗਲ ਫੀਸ ਤੇ ਪ੍ਰੋਸੈਸਿੰਗ ਚਾਰਜ ਦੇ ਨਾਂ ’ਤੇ ਵੱਡੀ ਰਕਮ ਵਸੂਲ ਕਰਦਾ ਸੀ। ਹਾਲਾਂਕਿ ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਉਹ ਕਿਸੇ ਵੀ ਅਧਿਕਾਰੀ ਰਜਿਸਟ੍ਰੇਸ਼ਨ ’ਚ ਵਕੀਲ ਵਜੋਂ ਦਰਜ ਨਹੀਂ ਹੈ।