- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਲਪੁਰ ਖ਼ਾਲਸਾ ਕਾਲਜ ਦਾ ਪੰਜਾਬੀ ਵਿਭਾਗ 75ਵੇਂ ਵਰ੍ਹੇ ’ਚ, ਪਲੈਟੀਨਮ ਜੁਬਲੀ 19-20 ਮਾਰਚ ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਪੰਜਾਬੀ ਭਾਸ਼ਾ, ਸਾਹਿਤ ਤੇ ਪੰਜਾਬੀਅਤ ਨੂੰ ਸਮਰਪਿਤ ਇਕ ਪ੍ਰਮੁੱਖ ਵਿਦਿਅਕ ਸੰਸਥਾ ਵਜੋਂ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਵਿਕਾਸ ’ਚ ਜਿੱਥੇ ਯੂਨੀਵਰਸਿਟੀਆਂ ਦੀ ਅਹਿਮ ਭੂਮਿਕਾ ਰਹੀ ਹੈ, ਉਥੇ ਪੰਜਾਬ ਦੇ ਕਾਲਜਾਂ ਨੇ ਵੀ ਇਸ ਖੇਤਰ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਸੰਦਰਭ ’ਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦਾ ਲਾਇਲਪੁਰ ਖ਼ਾਲਸਾ ਕਾਲਜ ਇਕ ਮਹੱਤਵਪੂਰਨ ਨਾਂ ਹੈ। ਅਣਵੰਡੇ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ) ’ਚ 1908 ’ਚ ਸੰਤ ਅਤਰ ਸਿੰਘ ਵੱਲੋਂ ਸਥਾਪਿਤ ਇਸ ਸੰਸਥਾ ਨੇ 1947 ਦੀ ਵੰਡ ਤੋਂ ਬਾਅਦ ਜਲੰਧਰ ’ਚ ਆਪਣੀ ਨਵੀਂ ਪਛਾਣ ਬਣਾਈ। ਸ਼ੁਰੂਆਤ ਸਕੂਲ ਵਜੋਂ ਹੋਈ, ਜਿਸ ਦੇ ਮੋਢੀ ਅਧਿਆਪਕਾਂ ’ਚ ਮਾਸਟਰ ਤਾਰਾ ਸਿੰਘ, ਮਾਸਟਰ ਸੁੰਦਰ ਸਿੰਘ ਤੇ ਹੀਰਾ ਸਿੰਘ ਦਰਦ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਕਾਲਜ ਦਾ ਪੰਜਾਬੀ ਵਿਭਾਗ ਆਪਣੇ ਇਤਿਹਾਸ ਤੇ ਯੋਗਦਾਨ ਕਰਕੇ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। 1950 ’ਚ ਐੱਮਏ ਪੰਜਾਬੀ ਦੀ ਸ਼ੁਰੂਆਤ ਨਾਲ ਇਹ ਕਾਲਜ ਪੰਜਾਬ ਦੇ ਸਭ ਤੋਂ ਪੁਰਾਣੇ ਪੋਸਟ ਗ੍ਰੈਜੂਏਟ ਅਦਾਰਿਆਂ ’ਚ ਸ਼ਾਮਲ ਹੋ ਗਿਆ।
ਇਸ ਵਿਭਾਗ ਨੇ ਪੰਜਾਬੀ ਸਾਹਿਤ ਨੂੰ ਕਈ ਪ੍ਰਸਿੱਧ ਵਿਦਵਾਨ ਦਿੱਤੇ, ਜਿਨ੍ਹਾਂ ’ਚ ਪਹਿਲੇ ਮੁਖੀ ਪ੍ਰੋ. ਕਿਰਪਾਲ ਸਿੰਘ ਕਸੇਲ ਦਾ ਨਾਂ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੋ. ਐੱਸਐੱਸ ਅਮੋਲ, ਪ੍ਰੋ. ਪਿਆਰਾ ਸਿੰਘ ਗਿੱਲ, ਪ੍ਰੋ. ਹਰਜਿੰਦਰ ਸਿੰਘ ਢਿੱਲੋ, ਪ੍ਰੋ. ਅਮਰੀਕ ਸਿੰਘ, ਪ੍ਰੋ. ਮੋਹਨ ਸਿੰਘ ਜੌਹਲ, ਪ੍ਰੋ. ਨਿਰੰਜਨ ਸਿੰਘ ਢੇਸੀ ਤੇ ਹੋਰ ਕਈ ਵਿਦਵਾਨ ਇਸ ਵਿਭਾਗ ਨਾਲ ਜੁੜੇ ਰਹੇ ਹਨ। ਇਸ ਵਿਭਾਗ ਨਾਲ ਜੁੜੇ ਕਈ ਪ੍ਰਸਿੱਧ ਸਾਹਿਤਕਾਰਾਂ ’ਚ ਕਵੀ ਪ੍ਰੋ. ਮੋਹਨ ਸਿੰਘ, ਪ੍ਰੋ. ਸੰਤ ਸਿੰਘ ਸੇਖੋਂ, ਪ੍ਰੋ. ਹਰਨਾਮ ਸਿੰਘ ਸ਼ਾਨ, ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਤੇ ਡਾ. ਬਲਬੀਰ ਸਿੰਘ ਦਿਲ ਵਰਗੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਨਾਟਕਕਾਰ ਡਾ. ਆਤਮਜੀਤ ਤੇ ਕਹਾਣੀਕਾਰ ਵਰਿਆਮ ਸੰਧੂ ਨੇ ਵੀ ਇਸ ਵਿਭਾਗ ਨਾਲ ਲੰਬੇ ਸਮੇਂ ਤੱਕ ਸੇਵਾਵਾਂ ਨਿਭਾਈਆਂ। ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਮਾਮਲੇ ’ਚ ਵੀ ਕਾਲਜ ਹਮੇਸ਼ਾ ਅੱਗੇ ਰਿਹਾ ਹੈ।
ਇੱਥੇ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਅਜਮੇਰ ਸਿੰਘ ਔਲਖ ਵਰਗੇ ਪ੍ਰਸਿੱਧ ਨਾਟਕਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ। ਹੁਣ ਇਹ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ 19-20 ਮਾਰਚ 2026 ਨੂੰ ਆਪਣੀ ਸਥਾਪਨਾ ਦਾ 75ਵਾਂ ਵਰ੍ਹਾ (ਪਲੈਟੀਨਮ ਜੁਬਲੀ) ਮਨਾਉਣ ਜਾ ਰਿਹਾ ਹੈ। ਇਹ ਸਮਾਗਮ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ, ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਤੇ ਵਿਭਾਗ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਭਵਿੱਖ ’ਚ ਵੀ ਇਹ ਸੰਸਥਾ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੀ ਰਹੇਗੀ।