ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਵੱਲੋਂ ਪੰਜਾਬ ਸਰਕਾਰ ਦੇ ਬਜਟ ਦੀ ਆਲੋਚਨਾ
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਵੱਲੋਂ ਪੰਜਾਬ ਸਰਕਾਰ ਦੇ ਬਜਟ ਦੀ ਆਲੋਚਨਾ
Publish Date: Sun, 08 Mar 2026 06:37 PM (IST)
Updated Date: Mon, 09 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਕੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਿਰਫ਼ ਐਲਾਨਾਂ ਤੱਕ ਹੀ ਸੀਮਿਤ ਹੈ ਤੇ ਇਸ ’ਚ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੋਈ ਸਪਸ਼ਟ ਤੇ ਪ੍ਰਭਾਵਸ਼ਾਲੀ ਯੋਜਨਾ ਨਹੀਂ ਦਿੱਤੀ ਗਈ। ਅੰਗਦ ਦੱਤਾ ਨੇ ਕਿਹਾ ਕਿ ਸਰਕਾਰ ਨੇ 2026-27 ਲਈ ਲਗਭਗ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਪਰ ਇਸ ’ਚ ਉਦਯੋਗਿਕ ਵਿਕਾਸ, ਨਿਵੇਸ਼ ਨੂੰ ਆਕਰਸ਼ਿਤ ਕਰਨ ਤੇ ਨੌਜਵਾਨਾਂ ਲਈ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੋਈ ਢੰਗ ਦੀ ਰਣਨੀਤੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੁੱਲ ਕਰਜ਼ਾ ਪਹਿਲਾਂ ਹੀ 4 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ’ਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ, ਜੋ ਰਾਜ ਦੀ ਆਰਥਿਕਤਾ ਲਈ ਚਿੰਤਾਜਨਕ ਹੈ। ਅੰਗਦ ਦੱਤਾ ਨੇ ਸਰਕਾਰ ਵੱਲੋਂ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਬੇਹੱਦ ਜ਼ਰੂਰੀ ਹੈ, ਪਰ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦਬੇ ਪੰਜਾਬ ’ਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਈ ਰਕਮ ਕਿੱਥੋਂ ਆਵੇਗੀ, ਇਸ ਬਾਰੇ ਸਰਕਾਰ ਨੂੰ ਸਪਸ਼ਟਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੋਜ਼ਗਾਰੀ ਕਾਰਨ ਵੱਡੀ ਗਿਣਤੀ ’ਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਪਰ ਇਸ ਬਜਟ ’ਚ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਜਾਂ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੋਈ ਵੱਡੀ ਯੋਜਨਾ ਨਹੀਂ ਦਿੱਤੀ ਗਈ। ਅੰਤ ’ਚ ਅੰਗਦ ਦੱਤਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਇਕ ਐਸਾ ਬਜਟ ਪੇਸ਼ ਕਰੇਗੀ ਜੋ ਆਰਥਿਕ ਵਿਕਾਸ ਨੂੰ ਤੇਜ਼ ਕਰੇ, ਉਦਯੋਗ ਤੇ ਕਿਸਾਨੀ ਖੇਤਰ ਨੂੰ ਮਜ਼ਬੂਤ ਬਣਾਏ ਤੇ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰੇ, ਪਰ ਇਹ ਬਜਟ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੀਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਲਾਨਾਂ ਨਹੀਂ, ਸਗੋਂ ਪਾਰਦਰਸ਼ੀ ਤੇ ਜ਼ਿੰਮੇਵਾਰ ਸ਼ਾਸਨ ਦੀ ਲੋੜ ਹੈ।