ਮੋਹਾਲੀ ਤੇ ਬਠਿੰਡਾ ਨੇ ਜਿੱਤੀ ਪੰਜਾਬ ਸਟੇਟ ਹਾਕੀ ਚੈਪੀਅਨਸ਼ਿਪ
ਪੰਜਾਬ ਸਟੇਟ ਹਾਕੀ ਚੈਪੀਅਨਸ਼ਿਪ (ਸਬ ਜੂਨੀਅਰ ਲੜਕੇ ਲੜਕੀਆਂ) ਸਪੰਨ
Publish Date: Tue, 17 Mar 2026 07:54 PM (IST)
Updated Date: Tue, 17 Mar 2026 07:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਵੱਲੋਂ ਰਾਊਂਡ ਗਲਾਸ ਸਪੋਰਟਸ ਦੀ ਮਦਦ ਨਾਲ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਕਰਵਾਈ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਸਬ ਜੂਨੀਅਰ ਲੜਕੇ ਤੇ ਲੜਕੀਆਂ) ਸਪੰਨ ਹੋ ਗਈ। ਲੜਕਿਆਂ ਦੇ ਵਰਗ ਦਾ ਖਿਤਾਬ ਮੋਹਾਲੀ ਤੇ ਲੜਕੀਆਂ ਦੇ ਵਰਗ ਦਾ ਖਿਤਾਬ ਬਠਿੰਡਾ ਨੇ ਜਿੱਤਿਆ। ਲੜਕਿਆਂ ਦੇ ਵਰਗ ’ਚ ਤਰਨਤਾਰਨ ਨੇ ਤੀਜਾ ਤੇ ਲੜਕੀਆਂ ਦੇ ਵਰਗ ’ਚ ਪਟਿਆਲਾ ਨੇ ਮਲੇਰਕੋਟਲਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਮੋਹਨਬੀਰ ਸਿੰਘ ਬੱਲ (ਬਲ ਇਨਕਾਰਪੋਰੇਸ਼ਨ ਆਸਟਰੇਲੀਆ) ਤੇ ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ ਵੱਲੋਂ ਕੀਤੀ ਗਈ। ਲੜਕਿਆਂ ਦੇ ਵਰਗ ਦੇ ਫਾਈਨਲ ’ਚ ਮੋਹਾਲੀ ਨੇ ਜਲੰਧਰ ਨੂੰ ਪੈਨਲਟੀ ਸ਼ੂਟ ਆਉਟ ਰਾਹੀਂ 3-2 ਨਾਲ ਹਰਾ ਕੇ ਖਿਤਾਬ ਜਿੱਤਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਸਨ। ਤਰਨਤਾਰਨ ਨੇ ਅੰਮ੍ਰਿਤਸਰ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੇ ਵਰਗ ’ਚ ਬਠਿੰਡਾ ਨੇ ਮੁਕਤਸਰ ਸਾਹਿਬ ਨੂੰ 3-1 ਨਾਲ ਹਰਾ ਕੇ ਖਿਤਾਬ ’ਤੇ ਕਬਜ਼ਾ ਕੀਤਾ ਜਦਕਿ ਪਟਿਆਲਾ ਨੇ ਮਲੇਰਕੋਟਲਾ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਖੇਡੇ ਗਏ ਲੜਕਿਆ ਦੇ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ’ਚ ਜਲੰਧਰ ਨੇ ਅੰਮ੍ਰਿਤਸਰ ਨੂੰ 5-1 ਨਾਲ ਤੇ ਮੋਹਾਲੀ ਨੇ ਤਰਨਤਾਰਨ ਨੂੰ 3-1 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਜਦਕਿ ਲੜਕੀਆਂ ਦੇ ਵਰਗ ’ਚ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 2-0 ਨਾਲ ਤੇ ਬਠਿੰਡਾ ਨੇ ਮਲੇਰਕੋਟਲਾ ਨੂੰ 3-0 ਨਾਲ ਹਰਾ ਕੇ ਫਾਈਨਲ ’ਚ ਸਥਾਨ ਬਣਾਇਆ ਸੀ। ਅੱਜ ਦੇ ਮੈਚਾਂ ਸਮੇਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਐੱਨਆਰਆਈ ਮੋਹਨਬੀਰ ਸਿੰਘ ਬੱਲ, ਗੁਰਜੀਤ ਸਿੰਘ ਪੱਟੀ (ਆਸਟਰੇਲੀਆ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ’ਤੇ ਉਲੰਪੀਅਨ ਰਜਿੰਦਰ ਸਿੰਘ, ਅਸ਼ਫਾਕ ਉਲਾ ਖਾਨ, ਉਲੰਪੀਅਨ ਸੰਜੀਵ ਕੁਮਾਰ, ਹਰਿੰਦਰ ਸਿੰਘ ਸੰਘਾ, ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਹਰਵਿੰਦਰ ਸਿੰਘ ਸੈਣੀ, ਕੁਲਬੀਰ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਤੇ ਹੋਰ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਰ ਸਨ।