ਡਾਇਰੈਕਟਰ ਨਿਰਦੇਸ਼ਕ ਰਾਜੀਵ ਗੁਪਤਾ ਨੂੰ ਬਦਲਣ ਦੀ ਕੀਤੀ ਮੰਗ
ਪੰਜਾਬ ਰੋਡਵੇਜ਼ ਡਾਇਰੈਕਟਰ ਟਰਾਂਸਪੋਰਟ ਮੁਲਾਜ਼ਮ/ ਪੈਨਸ਼ਨਰਜ ਵਿਰੋਧੀ ਸਿੱਧ ਹੋਏ ਹਨ, ਇਨਾਂ ਨੂੰ ਚਲਦਾ ਕੀਤਾ ਜਾਵੇ - ਸਲਵਿੰਦਰ ਕੁਮਾਰ
Publish Date: Sun, 29 Mar 2026 06:52 PM (IST)
Updated Date: Mon, 30 Mar 2026 04:07 AM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਐੱਸਸੀ/ਬੀਸੀ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜੰਗ ਬਹਾਦਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਜਥੇਬੰਦੀ ਦੇ ਦਫ਼ਤਰ ਜਲੰਧਰ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਸੂਬਾ ਚੇਅਰਮੈਨ ਸਲਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ 24/3/26 ਨੂੰ ਡਾਇਰੈਕਟਰ ਸਾਹਿਬ ਨੂੰ ਮਿਲਣ ਲਈ ਸਮਾਂ ਮੰਗਿਆ ਸੀ ਤੇ ਇਹ ਸਮਾਂ ਪਹਿਲਾਂ ਵੀ ਕਈ ਵਾਰ ਮੰਗਿਆ ਪਰ ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਨੂੰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਗਿਆ ਜੋ ਅਤਿ ਨਿੰਦਨਯੋਗ ਹੈ। ਜਦੋਂ ਦਾ ਪੰਜਾਬ ਰੋਡਵੇਜ਼ ਮਹਿਕਮਾ ਹੋਂਦ ’ਚ ਆਇਆ ਹੈ ਸਾਰੀਆਂ ਯੂਨੀਅਨਾਂ ਹਰ ਹਫ਼ਤੇ ਡਾਇਰੈਕਟਰ ਸਾਹਿਬ ਨੂੰ ਵਰਕਰਾਂ ਦੇ ਕੰਮਾਂ, ਮੰਗਾਂ ਤੇ ਮੁਸ਼ਕਲਾ ਸਬੰਧੀ ਤੇ ਮਹਿਕਮੇ ਦੀ ਭਲਾਈ ਲਈ ਮਿਲਦੀਆਂ ਰਹੀਆਂ ਹਨ। ਪਰ ਜਦੋਂ ਦੇ ਡਾਇਰੈਕਟਰ ਨਿਰਦੇਸ਼ਕ ਰਾਜੀਵ ਗੁਪਤਾ ਇਸ ਮਹਿਕਮੇ ’ਚ ਆਏ ਹਨ ਉਹ ਯੂਨੀਅਨਾਂ ਦੇ ਆਗੂਆਂ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਰਹਿੰਦੇ ਹਨ। ਇਨਾਂ ਦੇ ਕਾਰਜਕਾਲ ’ਚ ਨਾ ਤਾਂ ਤਰਸ ਦੇ ਆਧਾਰ ’ਤੇ ਭਰਤੀ ਕੀਤੀ ਗਈ ਹੈ, ਨਾ ਹੀ ਮਹਿਕਮੇ ’ਚ ਤਰੱਕੀਆਂ ਕੀਤੀਆਂ ਗਈਆਂ ਹਨ। ਜਿਹੜੀਆਂ ਵਰਕਸ਼ਾਪ ’ਚ ਹੈੱਡ ਮਕੈਨਿਕਾਂ ਦੀਆਂ ਦੋ ਤਰੱਕੀਆਂ ਕੀਤੀਆਂ ਗਈਆਂ ਹਨ, ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋਣ ’ਤੇ ਵੀ ਇਨਾਂ ਨੂੰ ਕੋਈ ਡੀਪੂ ਅਲਾਟ ਨਹੀਂ ਕੀਤਾ ਗਿਆ। ਪੰਜਾਬ ਪ੍ਰਦੇਸ਼ ਦੇ ਅੰਦਰ ਸਪੈਸ਼ਲ ਓਪ੍ਰੇਸ਼ਨ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ। ਯੂਨੀਅਨ ਮੰਗ ਕਰਦੀ ਹੈ ਕਿ ਡੀਐੱਸਪੀ ਨਿਰਦੇਸ਼ਕ ਨੂੰ ਇਸ ਮਹਿਕਮੇ ’ਚੋਂ ਬਦਲਿਆ ਜਾਵੇ। ਮਹਿਕਮੇ ’ਚ ਕੁਰੱਪਸ਼ਨ ਨਿਰਵਿਘਨ ਜਾਰੀ ਹੈ। ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਡੀਐੱਮ ਗਗਨਦੀਪ ਦੇ ਆਤਮਹੱਤਿਆ ਕੇਸ ਦੀ ਪੈਰਵਾਈ ਵੀ ਸੀਬੀਆਈ ਪੱਧਰ ’ਤੇ ਹੋਵੇ ਤੇ ਲਾਲਜੀਤ ਸਿੰਘ ਭੁੱਲਰ ਦੇ ਨਾਲ-ਨਾਲ ਟ੍ਰਾਂਸਪੋਰਟ ਮਹਿਕਮੇ ’ਚ ਅਫਸਰਾਂ ਦੀ ਕੁਰੱਪਸ਼ਨ ਪ੍ਰਤੀ ਵੀ ਜਾਂਚ ਹੋਵੇ। ਮਹਿਕਮੇ ਅੰਦਰ, ਜੋ ਜਨਰਲ ਕੈਟੇਗਰੀ ਵਾਲਿਆਂ ਨੇ ਜਾਅਲੀ ਸਰਟੀਫਿਕੇਟ ਨਾਲ ਗ਼ਲਤ ਢੰਗ ਨਾਲ ਰਿਜ਼ਰਵੇਸ਼ਨ ਕੋਟੇ ਦੀਆਂ ਨੌਕਰੀਆਂ ਲਈਆਂ ਹਨ ਉਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਸਰਕਾਰ ਪਾਸੋਂ ਇਹ ਮੰਗ ਰੱਖੀ ਗਈ ਕਿ ਪੰਜਾਬ ਰੋਡਵੇਜ਼ ਦੇ ਬੇੜੇ ’ਚ ਨਵੀਆਂ ਬੱਸਾਂ ਪਾ ਕੇ ਜਲਦੀ ਤੋਂ ਜਲਦੀ ਪੰਜਾਬ ਦੀ ਜਨਤਾ ਨੂੰ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਮੀਟਿੰਗ ’ਚ ਜੰਗ ਬਹਾਦਰ, ਤਰਸੇਮ ਸਿੰਘ, (ਚੇਅਰਮੈਨ) ਧਰਮਪਾਲ (ਚੇਅਰਮੈਨ, ਹੁਸ਼ਿਆਰਪੁਰ) ਟੀਐੱਮ ਬੈਂਸ, ਮਨਜੀਤ ਸਿੰਘ, ਕਸ਼ਮੀਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ।