ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੌਰੀਸ਼ਸ ’ਚ ਫਸੇ ਨੌਜਵਾਨ ਦੀ ਸੁਰੱਖਿਅਤ ਵਾਪਸੀ
-ਕਿਹਾ, ਟੂਰਿਸਟਾਂ ਦੀ ਆੜ
Publish Date: Sat, 06 Jun 2026 09:07 PM (IST)
Updated Date: Sun, 07 Jun 2026 04:12 AM (IST)

-ਕਿਹਾ, ਟੂਰਿਸਟਾਂ ਦੀ ਆੜ ਹੇਠ ਟ੍ਰੈਵਲ ਏਜੰਟ ਕਰਦੇ ਹਨ ਮਨੁੱਖੀ ਤਸਕਰੀ ਦਾ ਗੋਰਖਧੰਦਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਯੂਰਪ ਦੇ ਖੂਬਸੂਰਤ ਦੇਸ਼ ਮੌਰੀਸ਼ਸ ਦੀ ਜੇਲ੍ਹ ਵਿੱਚੋਂ ਵਾਪਸ ਆਏ ਲੁਧਿਆਣੇ ਦੇ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਟ੍ਰੈਵਲ ਏਜੰਟ ਟੂਰਿਸਟਾਂ ਦੀ ਆੜ ਹੇਠ ਮਨੁੱਖੀ ਤਸਕਰੀ ਦਾ ਵੱਡਾ ਗੋਰਖਧੰਦਾ ਕਰਦੇ ਹਨ। ਨਿਰਮਲ ਕੁਟੀਆ ਵਿਖੇ ਪਰਿਵਾਰ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਨ ਲਈ ਪਹੁੰਚੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਭੋਲੇ ਭਾਲੇ ਪੰਜਾਬੀਆਂ ਨੂੰ ਆਪਣੀ ਚੁੰਗਲ ਵਿੱਚ ਫਸਕੇ ਵਿਦੇਸ਼ਾਂ ਦੀ ਧਰਤੀ ’ਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਜਨਵਰੀ ਵਿੱਚ ਮੌਰੀਸ਼ਸ ਗਿਆ ਸੀ। ਜਿੱਥੋਂ ਦਾ ਵੀਜ਼ਾ ਉਥੇ ਪਹੁੰਚਣ ‘ਤੇ ਏਅਰਪੋਰਟ ‘ਤੇ ਹੀ ਮਿਲ ਜਾਂਦਾ ਹੈ। ਇਸੇ ਗੱਲ ਦਾ ਟ੍ਰੈਵਲ ਏਜੰਟ ਫਾਇਦਾ ਚੁੱਕਦੇ ਹਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਸੈਲਾਨੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਪੰਜਾਬੀਆਂ ਵਿੱਚ ਜਹਾਜ਼ੇ ਚੜ੍ਹਨ ਦੀ ਲਾਲਸਾ ਹੀ ਉਨ੍ਹਾਂ ਲਈ ਵੱਡੇ ਧੋਖੇ ਦਾ ਕਾਰਨ ਬਣਦੀ ਹੈ। ਵਿਦੇਸ਼ੀ ਭਾਸ਼ਾ ਸਮੱਸਿਆ ਅਤੇ ਜਿਹੜੇ ਦੇਸ਼ ਵਿੱਚ ਜਾਣਾ ਉਸ ਬਾਰੇ ਅਣਜਾਣਤਾ ਹੀ ਚਲਾਕ ਟ੍ਰੈਵਲ ਏਜੰਟਾਂ ਲਈ ਲੁੱਟ ਦਾ ਰਾਹ ਮੋਕਲਾ ਕਰਦੀ ਹੈ। ਟੂਰਸਿਟ ਵੀਜ਼ੇ ’ਤੇ ਕੰਮ ਕੀਤਾ ਹੀ ਨਹੀਂ ਜਾ ਸਕਦਾ। ਓਵਰ ਸਟੇਅ ਹੋਣ ਕਾਰਨ ਟੈ੍ਰਵਲ ਏਜੰਟਾਂ ਦੇ ਹੱਥ ਵਿੱਚ ਆਈਆਂ ਕਮਜ਼ੋਰੀਆਂ ਦਾ ਉਹ ਡਰਾ-ਡਰਾ ਕੇ ਫਾਇਦਾ ਚੁੱਕਦੇ ਹਨ। ਜਸਵਿੰਦਰ ਸਿੰਘ ਅਨੁਸਾਰ ਉਹ ਵੀ ਜਨਵਰੀ 2025 ਵਿੱਚ ਟੂਰਿਸਟ ਵੀਜ਼ੇ ‘ਤੇ ਮੌਰੀਸ਼ਸ ਗਿਆ ਸੀ। ਉਥੇ ਪਹੁੰਚਦਿਆਂ ਹੀ ਕੰਪਨੀ ਦੇ ਪ੍ਰਬੰਧਕਾਂ ਨੇ ਉਸ ਦਾ ਪਾਸਪੋਰਟ ਖੋਹ ਲਿਆ। ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ ’ਚ ਬਦਲਣ ਦਾ ਏਜੰਟ ਨੇ ਲਾਰਾ ਲਾਈ ਰੱਖਿਆ। ਜਦੋਂ ਤੱਕ ਕੰਪਨੀ ਕੋਲ ਕੰਮ ਸੀ ਉਹ ਕੰਮ ਕਰਵਾਉਂਦੀ ਰਹੀ ਮਗਰੋਂ ਉਸਨੂੰ ਕੱਢ ਦਿੱਤਾ ਗਿਆ। ਕੰਪਨੀ ਵਿੱਚ ਕੰਮ ਮੁਕਣ ਤੋਂ ਬਾਅਦ ਉਸ ਨੂੰ ਪਾਸਪੋਰਟ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਉਹ ਬਿਨਾਂ ਦਸਤਾਵੇਜ਼ਾਂ ਦੇ ਓਵਰ ਸਟੇਅ ਦੀ ਸਥਿਤੀ ’ਚ ਆ ਗਿਆ। ਇਸੇ ਦੌਰਾਨ ਸਥਾਨਕ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਲਗਭਗ 15 ਤੋਂ 20 ਦਿਨ ਤੱਕ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਵੀ ਟੁੱਟ ਗਿਆ। ਕੰਮ ਦੌਰਾਨ ਉਸਦਾ ਪਾਸਪੋਰਟ ਕੰਪਨੀ ਵੱਲੋਂ ਜ਼ਬਤ ਕਰ ਲਿਆ ਤੇ ਉਸ ਨੂੰ ਲਗਾਤਾਰ ਛੇ ਮਹੀਨੇ ਤੱਕ ਟੂਰਿਸਟ ਵੀਜ਼ਾ ਵਧਾ ਕੇ 14–14 ਘੰਟੇ ਕੰਮ ਕਰਵਾਇਆ ਜਾਂਦਾ ਰਿਹਾ। ਇਸ ਦੌਰਾਨ ਇੱਕ ਮਹੀਨੇ ਦੀ ਤਨਖ਼ਾਹ (ਲਗਭਗ 30 ਹਜ਼ਾਰ ਰੁਪਏ) ਵੀ ਨਹੀਂ ਦਿੱਤੀ ਗਈ। ਇਸ ਸੰਕਟਮਈ ਹਾਲਾਤ ਦੀ ਜਾਣਕਾਰੀ ਮਿਲਣ ‘ਤੇ 24 ਮਈ ਨੂੰ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜਿਆ ਅਤੇ ਲਗਾਤਾਰ ਪੈਰਵਾਈ ਕੀਤੀ। ਸੰਤ ਸੀਚੇਵਾਲ ਦੇ ਸਰਗਰਮ ਯਤਨਾਂ ਅਤੇ ਤੁਰੰਤ ਦਖ਼ਲਅੰਦਾਜ਼ੀ ਸਦਕਾ ਭਾਰਤੀ ਦੂਤਾਵਾਸ ਨੇ ਤੇਜ਼ ਕਾਰਵਾਈ ਕਰਦਿਆਂ ਜਸਵਿੰਦਰ ਸਿੰਘ ਨੂੰ ਹਿਰਾਸਤ ਵਿੱਚੋਂ ਰਿਹਾਅ ਕਰਵਾਇਆ। ਨਾਲ ਹੀ ਉਸਦਾ ਰੋਕਿਆ ਗਿਆ ਪਾਸਪੋਰਟ ਵੀ ਵਾਪਸ ਦਿਵਾਇਆ ਗਿਆ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸ ਨੂੰ ਸੁਰੱਖਿਅਤ ਤੌਰ ‘ਤੇ ਭਾਰਤ ਭੇਜਿਆ ਗਿਆ। ਵਾਪਸੀ ਤੋਂ ਬਾਅਦ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਉਸਦੀ ਵਾਪਸੀ ਬਹੁਤ ਮੁਸ਼ਕਲ ਹੋ ਜਾਂਦੀ। ਉਸ ਨੇ ਦੱਸਿਆ ਕਿ ਉਸ ਨਾਲ ਲਗਾਤਾਰ ਸ਼ੋਸ਼ਣ ਕੀਤਾ ਗਿਆ ਤੇ ਬਿਨਾਂ ਪਾਸਪੋਰਟ ਦੇ ਉਸ ਨੂੰ ਕਈ ਦਿਨਾਂ ਤੱਕ ਬੇਬਸ ਹਾਲਾਤ ਵਿੱਚ ਰੱਖਿਆ ਗਿਆ, ਜਿੱਥੇ ਉਸਦੀ ਮਦੱਦ ਕਰਨ ਵਾਲਾ ਕੋਈ ਨਹੀ ਸੀ।