- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੀਚੇਵਾਲ ਨੇ ਵਿਦੇਸ਼

-ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਕੋਲ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਣ ਦਾ ਦਿੱਤਾ ਭਰੋਸਾ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਰੂਸ-ਯੂਕਰੇਨ ਜੰਗ ਦੌਰਾਨ ਰੂਸੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੇ ਛੇ ਪਰਿਵਾਰਾਂ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ’ਚ ਮੁਲਾਕਾਤ ਕਰ ਕੇ ਆਪਣੇ ਦੁੱਖੜੇ ਦੱਸੇ। ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਵਿਦੇਸ਼ ਮੰਤਰੀ ਕੋਲ ਚੁੱਕਣਗੇ। ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੱਚਿਆਂ ਨਾਲ ਗੱਲਬਾਤ ਹੋਈ ਨੂੰ 8-9 ਮਹੀਨੇ ਹੋ ਗਏ ਹਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਬੱਚੇ ਕਿਹੜੇ ਹਾਲਾਤ ’ਚ ਹਨ ਤੇ ਕਿੱਥੇ ਹਨ। ਟ੍ਰੈਵਲ ਏਜੰਟਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਰੂਸੀ ਫੌਜ ’ਚ ਭਰਤੀ ਹੋਣ ਲਈ ਮਜਬੂਰ ਕੀਤਾ ਸੀ। ਪੀੜਤ ਪਰਿਵਾਰਾਂ ਅਨੁਸਾਰ ਉਥੇ ਬੱਚਿਆਂ ਨੇ ਆਖਰੀ ਵਾਰ ਜਿਹੜੀਆਂ ਗੱਲਾਂ ਕੀਤੀਆਂ ਸਨ ਉਹ ਫੌਜੀ ਟ੍ਰੇਨਿੰਗ ਬਾਰੇ ਸੀ। ਬੱਚਿਆਂ ਦੇ ਖਾਤਿਆਂ ’ਚ 15-15 ਲੱਖ ਰਕਮ ਪਾਉਣ ਤੇ 2 ਲੱਖ 10 ਹਜ਼ਾਰ ਪ੍ਰਤੀ ਮਹੀਨੇ ਤਨਖਾਹ ਦੇਣ ਜਿਹੇ ਲਾਲਚ ਦਿੱਤੇ ਗਏ ਸਨ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਿਆ ਸੀ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਥੇ ਉਨ੍ਹਾਂ ਲੜਾਈ ਵਿਚ ਭੇਜ ਦਿੱਤਾ ਜਾਵੇਗਾ।
ਪਰਿਵਾਰਾਂ ਅਨੁਸਾਰ ਜਲੰਧਰ ਦੇ ਗੁਰਸੇਵਕ ਸਿੰਘ, ਲੁਧਿਆਣਾ ਦੇ ਸਮਰਜੀਤ ਸਿੰਘ ਤੇ ਅੰਮ੍ਰਿਤਸਰ ਦੇ ਹੀਰਾ ਸਿੰਘ ਦੀ ਜੰਗ ਦੌਰਾਨ ਮੌਤ ਹੋ ਚੁੱਕੀ ਹੈ। ਸਮਰਜੀਤ ਸਿੰਘ ਤੇ ਗੁਰਸੇਵਕ ਸਿੰਘ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਚੁੱਕੀਆਂ ਹਨ। ਪਰ ਪੀੜਤ ਪਰਿਵਾਰਾਂ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਉਹ ਹੋਰ ਸਹੂਲਤਾਂ ਜੋ ਰੂਸੀ ਫੌਜ ਆਪਣੇ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੰਦੀ ਹੈ। ਪੀੜਤ ਪਰਿਵਾਰਾਂ ਅਨੁਸਾਰ ਉਨ੍ਹਾਂ ਦੇ ਪੁੱਤਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ ਤੇ ਜੰਮੂ-ਕਸ਼ਮੀਰ ਦੇ ਵੀ ਕਈ ਨੌਜਵਾਨ ਰੂਸੀ ਫੌਜ ਵਿੱਚ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਚਿੰਤਾ ਵਿੱਚ ਜੀਵਨ ਬਤੀਤ ਕਰ ਰਹੇ ਹਨ। ਤਰਨਤਾਰਨ ਦੇ ਹਰਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ 2024 ਵਿੱਚ ਸਟਡੀ ਵੀਜ਼ਾ ’ਤੇ ਰੂਸ ਗਿਆ ਸੀ, ਪਰ ਏਜੰਟਾਂ ਨੇ ਉਸ ਨੂੰ ਲਾਲਚ ਦੇ ਕੇ ਅਗਸਤ 2025 ਵਿੱਚ ਫੌਜ ਵਿੱਚ ਭਰਤੀ ਕਰਵਾ ਦਿੱਤਾ। ਪਰਿਵਾਰ ਨੇ ਕਿਹਾ ਕਿ 17 ਸਤੰਬਰ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।
ਇਸੇ ਤਰ੍ਹਾਂ ਤਰਨਤਾਰਨ ਦੇ ਜਰਨੈਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਦਸੰਬਰ 2024 ਵਿੱਚ ਸਟਡੀ ਵੀਜ਼ੇ ’ਤੇ ਰੂਸ ਗਿਆ ਸੀ। ਉੱਥੇ ਉਸ ਨੂੰ ਤਿੰਨ ਲੱਖ ਰੁਪਏ ਮਹੀਨਾ ਤਨਖ਼ਾਹ ਅਤੇ ਪੱਕੇ ਕਾਗਜ਼ਾਂ ਦਾ ਲਾਲਚ ਦੇ ਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ। 28 ਅਗਸਤ ਤੋਂ ਬਾਅਦ ਜਰਨੈਲ ਸਿੰਘ ਨਾਲ ਵੀ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਿੱਚ ਉਸ ਦੀ ਤਿੰਨ ਸਾਲ ਦੀ ਬੇਟੀ ਹੈ ਅਤੇ ਸਾਰਾ ਪਰਿਵਾਰ ਉਸ ਦੀ ਕਮਾਈ ’ਤੇ ਨਿਰਭਰ ਸੀ। ਆਰਥਿਕ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਅਤੇ ਛੋਟੀ ਬੱਚੀ ਰੋਜ਼ ਆਪਣੇ ਪਿਤਾ ਬਾਰੇ ਪੁੱਛਦੀ ਹੈ। ਅੰਮ੍ਰਿਤਸਰ ਦੇ ਸਾਹਿਲ ਸੇਖੜੀ ਦੀ ਮਾਤਾ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪੁੱਤਰ 2025 ਵਿੱਚ ਮਾਸਕੋ ਗਿਆ ਸੀ। ਏਜੰਟਾਂ ਨੇ ਉਸ ਨੂੰ ਵਰਕ ਵੀਜ਼ਾ, ਸ਼ੈਫ਼ ਦੀ ਨੌਕਰੀ ਅਤੇ ਡੇਢ ਲੱਖ ਰੁਪਏ ਮਹੀਨਾਵਾਰ ਤਨਖ਼ਾਹ ਦਾ ਭਰੋਸਾ ਦਿੱਤਾ ਸੀ, ਪਰ ਉਸ ਨੂੰ ਵੀ ਫੌਜ ਵਿੱਚ ਭਰਤੀ ਕਰ ਕੇ ਸਿਰਫ਼ 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਰੂਸ-ਯੂਕਰੇਨ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ। ਪਿਛਲੇ ਨੌਂ ਮਹੀਨਿਆਂ ਤੋਂ ਸਾਹਿਲ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰ ਵਿੱਚ ਉਸ ਦੀ ਵਿਧਵਾ ਮਾਂ ਅਤੇ ਇੱਕ ਭੈਣ ਹੈ, ਜਿਨ੍ਹਾਂ ਦਾ ਗੁਜ਼ਾਰਾ ਉਸ 'ਤੇ ਹੀ ਨਿਰਭਰ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਆਰਥਿਕ ਮਜਬੂਰੀਆਂ ਤੇ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਰਹੇ ਨੇ ਏਜੰਟ
ਸੰਤ ਸੀਚੇਵਾਲ ਨੇ ਕਿਹਾ ਕਿ ਆਰਥਿਕ ਮਜਬੂਰੀਆਂ ਅਤੇ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੇ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਗੁਮਰਾਹ ਕਰਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਫਸੇ ਹੋਏ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ।