ਰਾਹਗੀਰ ਪਿਓ-ਪੁੱਤ ਵੱਲੋਂ ਗਾਇਕਾ ਜੋਤੀ ਨੂਰਾ ਦੇ ਪਤੀ ਤੇ ਦੋਸਤਾਂ ’ਤੇ ਹਮਲੇ ਦਾ ਦੋਸ਼
-ਸ਼ਿਕਾਇਤ ਉਪਰੰਤ ਥਾਣਾ ਮੁਖੀ
Publish Date: Fri, 05 Jun 2026 07:57 PM (IST)
Updated Date: Sat, 06 Jun 2026 04:11 AM (IST)
-ਸ਼ਿਕਾਇਤ ਉਪਰੰਤ ਥਾਣਾ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਜਾਂਚ ਲਈ ਪੁੱਜੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਥਾਣਾ-1 ਅਧੀਨ ਆਉਂਦੇ ਵੇਰਕਾ ਮਿਲਕ ਪਲਾਂਟ ਨੇੜੇ ਬੀਤੀ ਰਾਤ ਗਾਇਕਾ ਜੋਤੀ ਨੂਰਾ ਦੇ ਪਤੀ ਅਭਿਸ਼ੇਕ ਉਸਮਾਨ ਤੇ ਉਸਦੇ ਦੋਸਤਾਂ ਦਾ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਰਾਹਗੀਰ ਪਿਓ-ਪੁੱਤ ਨਾਲ ਕਾਰ ਨੂੰ ਰਸਤਾ ਦੇਣ ਨੂੰ ਲੈ ਕੇ ਬਹਿਸ ਹੋਈ। ਬਹਿਸ ਦੌਰਾਨ ਦੋਵਾਂ ਧਿਰਾਂ ’ਚ ਵਿਵਾਦ ਇੰਨਾ ਵਧ ਗਿਆ ਕਿ ਜ਼ਖ਼ਮੀ ਪਿਓ-ਪੁੱਤ ਨੇ ਜੋਤੀ ਨੂਰਾ ਦੇ ਪਤੀ ਤੇ ਉਸਦੇ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਤੇ ਹਮਲੇ ਦੀ ਵੀਡੀਓ ਬਣਾ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੀਸੀਆਰ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਹੋਇਆ। ਹਮਲਾ ਕਰਨ ਉਪਰੰਤ ਗਾਲ੍ਹਾਂ ਕੱਢਦੇ ਹੋਏ ਆਪਣੀ ਕਾਰ ’ਚ ਮੌਕੇ ‘ਤੋਂ ਫਰਾਰ ਹੋ ਗਏ। ਇਸ ਉਪਰੰਤ ਮੌਕੇ 'ਤੇ ਪੁੱਜੇ ਥਾਣਾ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਜਾਂਚ ਲਈ ਪੁੱਜੇ।
ਜ਼ਖਮੀ ਸਤਿੰਦਰ ਪਾਲ ਵਾਸੀ ਕਾਲੀਆ ਕਾਲੋਨੀ ਅਨੁਸਾਰ ਉਹ ਆਪਣੀ ਕਾਰ ਦਾ ਇੰਡੀਕੇਟਰ ਚਾਲੂ ਕਰਕੇ ਵੇਰਕਾ ਮਿਲਕ ਪਲਾਂਟ ਵੱਲ ਜਾ ਰਿਹਾ ਸੀ ਤਾਂ ਉਸਦੀ ਕਾਰ ਦੇ ਅੱਗੇ ਇਕ ਕਾਰ ਰੁਕੀ। ਕਾਰ ਸਵਾਰ ਪੰਜ ਨੌਜਵਾਨਾਂ ਨੇ ਸੜਕ 'ਤੇ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਪੁੱਤਰ ਨੂੰ ਮੌਕੇ ’ਤੇ ਸੱਦਿਆ ਤੇ ਉਹਨਾਂ ਹਮਲਾਵਰਾਂ ਨੇ ਉਸਦੇ ਪੁੱਤਰ 'ਤੇ ਵੀ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਉਸਦਾ ਕਹਿਣਾ ਹੈ ਕਿ ਜਦ ਉਸਨੇ ਆਪਣੇ ਮੋਬਾਈਲ 'ਤੇ ਹਮਲੇ ਦੀ ਵੀਡੀਓ ਬਣਾਈ ਤਾਂ ਉਹ ਹਮਲਾਵਾਰ ਉਸਨੂੰ ਗਾਲ੍ਹਾਂ ਕੱਢਦੇ ਹੋਏ ਫ਼ਰਾਰ ਹੋ ਗਏ। ਉਸਦਾ ਕਹਿਣਾ ਹੈ ਕਿ ਉਹ ਖੂਨ ਨਾਲ ਲੱਥਪੱਥ ਹੋਏ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ। ਉਸ ਅਨੁਸਾਰ ਉਸਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਕਾਰ ਸਵਾਰ ਹਮਲਾਵਰ ਸੂਫੀ ਗਾਇਕਾ ਜੋਤੀ ਨੂਰਾ ਦਾ ਪਤੀ ਹੈ ਪਰ ਉਹ ਉਸਨੂੰ ਨਹੀਂ ਜਾਣਦਾ। ਉਸਨੇ ਆਪਣੇ ਤੇ ਆਪਣੇ ਪੁੱਤਰ 'ਤੇ ਹੋਏ ਹਮਲੇ ਬਾਰੇ ਥਾਣਾ-1 ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਦੂਜੀ ਧਿਰ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
ਥਾਣਾ-1 ਦੇ ਮੁਖੀ ਐੱਸਆਈ ਰਾਕੇਸ਼ ਕੁਮਾਰ ਅਨੁਸਾਰ ਹਮਲੇ ਦੌਰਾਨ ਦੋਵਾਂ ਧਿਰਾਂ ਦੇ ਦੋ ਨੌਜਵਾਨ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮੌਕੇ 'ਤੇ ਲੱਗੇ ਸੀਸੀਟੀਵੀ ਦੇਖੇ ਜਾਣਗੇ ਤੇ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।