ਹੁਣ ਨਸ਼ਾ ਵੇਚਣ ਵਾਲਿਆਂ ਦੀ ਖ਼ੈਰ ਨਹੀਂ : ਲੋਹਟੀਆ
-ਕਿਹਾ, ਪਿੰਡਾਂ ’ਚ ਵਿਕਦੈ
Publish Date: Sat, 06 Jun 2026 07:25 PM (IST)
Updated Date: Sun, 07 Jun 2026 04:08 AM (IST)

-ਕਿਹਾ, ਪਿੰਡਾਂ ’ਚ ਵਿਕਦੈ ਸ਼ਰੇਆਮ ਨਸ਼ਾ ਪਰ ਪੁਲਿਸ ਨਹੀਂ ਕਰਦੀ ਕਾਰਵਾਈ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਇਕ ਸਥਾਨਕ ਹੋਟਲ ’ਚ ਯੁੱਧ ਨਸ਼ਿਆਂ ਵਿਰੁੱਧ ਇਲਾਕੇ ਦੇ ਮੋਹਤਬਰਾਂ ਤੇ ‘ਆਪ’ ਦੇ ਆਗੂਆਂ ਦੀ ਇਕ ਮੀਟਿੰਗ ਦੌਰਾਨ ਨਵੇਂ ਹਲਕਾ ਇੰਚਾਰਜ ਅੱਗੇ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਸਵਾਲ ਖੜੇ ਕਰ ਦਿੱਤੇ। ਹਰਜੋਤ ਕੌਰ ਲੋਹਟੀਆ ਨੇ ਹਾਲ ’ਚ ਹੀ ਹਲਕਾ ਫਿਲੌਰ ਦਾ ਚਾਰਜ ਸੰਭਾਲਿਆ ਹੈ। ਅੱਜ ਦੀ ਮੀਟਿੰਗ ਚ ਸਿਰਫ਼ ਪੰਚਾਂ ਸਰਪੰਚਾਂ ਨੇ ਹੀ ਇਸ ਮੁਹਿੰਮ ਪ੍ਰਤੀ ਸਵਾਲ ਨਹੀਂ ਰੱਖੇ ਸਗੋ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਆਗੂਆਂ ਸਾਹਮਣੇ ਸਵਾਲ ਰੱਖੇ। ਇਨ੍ਹਾਂ ਮੋਹਤਬਰਾਂ ਨੇ ਦੋਸ਼ ਲਾਏ ਕਿ ਉਹ ਜਦੋਂ ਪੁਲਿਸ ਨੂੰ ਨਸ਼ਿਆਂ ’ਚ ਲੱਗੇ ਲੋਕਾਂ ਬਾਰੇ ਜਾਣਕਾਰੀ ਦਿੰਦੇ ਹਨ ਤਾਂ ਪੁਲਿਸ ਫੜ ਕੇ ਵੀ ਲੈ ਜਾਂਦੀ ਹੈ ਤੇ ਮਗਰੋਂ ਛੱਡ ਦਿੰਦੀ ਹੈ। ਇਕ ਹੋਰ ਸਰਪੰਚ ਨੇ ਪਿੰਡ ਦੇ ਠੇਕੇ ਬਾਰੇ ਕਿਹਾ ਕਿ ਘੱਟੋ-ਘੱਟ ਇਸ ਨੂੰ ਸਕੂਲ ਤੇ ਧਾਰਮਿਕ ਸਥਾਨ ਤੋਂ ਹੀ ਦੂਰ ਕਰ ਦਿੱਤਾ ਜਾਵੇ। ਇਕ ਹੋਰ ਮੋਹਤਬਰ ਅਨੁਸਾਰ ਉਸ ਨੂੰ ਨਸ਼ਾ ਤਸਕਰਾਂ ਵੱਲੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਉਹ ਡਟ ਕੇ ਧਮਕੀਆਂ ਦਾ ਮੁਕਾਬਲਾ ਕਰ ਰਹੇ ਹਨ। ਮੀਟਿੰਗ ’ਚ ਡੀਐੱਸਪੀ ਫਿਲੌਰ ਭਰਤ ਮਸੀਹ ਨੇ ਕਿਹਾ ਕਿ ਜਦੋਂ ਵੀ ਕਿਸੇ ਨਸ਼ੇ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ, ਜਿਸ ’ਤੇ ਉਹ ਕਾਰਵਾਈ ਕਰਨਗੇ। ਪੁਲਿਸ ਨੂੰ ਸੂਚਿਤ ਕਰਨ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੁਲਿਸ ਆਪਣਾ ਕੰਮ ਸ਼ਿਕਾਇਤ ਆਉਣ ’ਤੇ ਹੀ ਕਿਉਂ ਕਰਦੀ ਹੈ। ਮੀਟਿੰਗ ਨੂੰ ਸਾਬਕਾ ਹਲਕਾ ਇੰਚਾਰਜ ਪ੍ਰਿੰਸਪਲ ਪ੍ਰੇਮ ਕੁਮਾਰ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ। ‘ਆਪ’ ਦੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਫਿਲੌਰ ’ਚ ਕਾਫੀ ਹੱਦ ਤੱਕ ਨਸ਼ਾ ਖਤਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸ ਕੰਮ ਚ ਲੱਗੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਲੋਹਟੀਆ ਅਨੁਸਾਰ ਇਸ ਕੰਮ ’ਚ ਪੰਚਾਇਤਾਂ ਨਸ਼ਾਮੁਕਤੀ ਮੋਰਚੇ ’ਚ ਭਰਵਾਂ ਯੋਗਦਾਨ ਪਾ ਰਹੀਆਂ ਹਨ ਤਾਂ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ, ਸੰਜੇ ਅਟਵਾਲ ਸੰਗਠਨ ਇੰਚਾਰਜ ਫਿਲੌਰ, ਡਾ. ਅਸ਼ਨੀ ਸਰਪੰਚ ਸ਼ਾਹਪੁਰੀ ਸਰਪੰਚ ਸ਼ਾਹਪੁਰ, ਸੁਖਵਿੰਦਰ ਸਿੰਘ ਸੁੱਖਾ ਕੋਟ ਗਰੇਵਾਲ ਸੀਨੀਅਰ ਆਗੂ ਤੇ ਪਾਰਟੀ ਦੇ ਅਹੁਦੇਦਾਰ ਤੇ ਵਲੰਟੀਅਰਜ਼ ਹਾਜ਼ਰ ਸਨ।