- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
* 16 ਦਿਨ ਦੇ

-16 ਦਿਨ ਦੇ ਮਾਸੂਮ ਨੂੰ 5 ਲੱਖ ਰੁਪਏ ’ਚ ਵੇਚਣ ਦਾ ਦੋਸ਼
--ਮਾਂ ਦਾ ਦਾਅਵਾ, ਟੀਕਾਕਰਨ ਬਹਾਨੇ ਲੈ ਗਏ ਨਵਜੰਮੇ ਨੂੰ, ਬਾਅਦ ’ਚ ਕਿਹਾ ਬੱਚਾ ਮਰ ਗਿਆ
ਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ’ਚ ਮਨੁੱਖਤਾ ਨੂੰ ਝਕਝੋਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਸਾਬਕਾ ਪਤੀ ’ਤੇ ਦੋਸ਼ ਲਾਇਆ ਕਿ ਉਸ ਨੇ ਚਿੱਟੇ ਦੇ ਨਸ਼ੇ ਤੇ ਪੈਸੇ ਦੇ ਲਾਲਚ ’ਚ ਉਸਦੇ 16 ਦਿਨ ਦੇ ਨਵਜੰਮੇ ਪੁੱਤਰ ਨੂੰ ਪੰਜ ਲੱਖ ਰੁਪਏ ’ਚ ਵੇਚ ਦਿੱਤਾ। ਪੀੜਤਾ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਪਹਿਲਾਂ ਬੱਚੇ ਨੂੰ ਟੀਕਾਕਰਨ ਬਹਾਨੇ ਆਪਣੇ ਕਬਜ਼ੇ ’ਚ ਲਿਆ ਤੇ ਫਿਰ ਉਸ ਨੂੰ ਅੰਮ੍ਰਿਤਸਰ ਦੀ ਇਕ ਔਰਤ ਨੂੰ ਸੌਂਪ ਦਿੱਤਾ। ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਕੋਲ ਕੀਤੀ ਹੈ, ਜਿਸ ਤੋਂ ਬਾਅਦ ਥਾਣਾ ਰਾਮਾਮੰਡੀ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਔਰਤ ਅਨੁਸਾਰ ਬੱਚਾ ਗਾਇਬ ਹੋਣ ਦੇ ਚਾਰ ਦਿਨ ਬਾਅਦ ਉਸਨੂੰ ਇਕ ਅਣਪਛਾਤੀ ਔਰਤ ਦਾ ਫੋਨ ਆਇਆ।
ਰਾਮਾ ਮੰਡੀ ਵਾਸੀ ਪੀੜਤਾ ਸ਼ਿਵਾਨੀ ਨੂੰ ਉਕਤ ਨੇ ਕਿਹਾ ਕਿ ਬੱਚਾ ਉਸ ਕੋਲ ਹੈ ਤੇ ਉਹ ਉਸ ਨੂੰ ਸੰਭਾਲ ਨਹੀਂ ਪਾ ਰਹੀ। ਉਸ ਨੇ ਪੈਸੇ ਵਾਪਸ ਦੇ ਕੇ ਬੱਚਾ ਲਿਜਾਣ ਦੀ ਗੱਲ ਕੀਤੀ। ਜਿਵੇਂ ਹੀ ਪੀੜਤਾ ਨੇ ਕਾਲ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਕੱਟ ਦਿੱਤਾ ਗਿਆ ਤੇ ਬਾਅਦ ਵਿਚ ਨੰਬਰ ਬੰਦ ਹੋ ਗਿਆ।
-ਇੰਸਟਾਗ੍ਰਾਮ 'ਤੇ ਨੋਟਾਂ ਦੇ ਬੰਡਲ ਦਿਖਾਉਣ ਦਾ ਦੋਸ਼
ਪੀੜਤਾ ਸ਼ਿਵਾਨੀ ਦਾ ਦੋਸ਼ ਹੈ ਕਿ ਬੱਚੇ ਨੂੰ ਵੇਚਣ ਦੇ ਬਾਅਦ ਉਸ ਦੇ ਸਾਬਕਾ ਪਤੀ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਨੋਟਾਂ ਦੇ ਬੰਡਲ ਦੀ ਸਟੋਰੀ ਪੋਸਟ ਕੀਤੀ। ਜਿਵੇਂ ਹੀ ਉਸ ਨੇ ਉਹ ਸਟੋਰੀ ਵੇਖੀ ਤਾਂ ਮੁਲਜ਼ਮ ਨੇ ਉਸਨੂੰ ਡਿਲੀਟ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਨ੍ਹਾਂ ਪੈਸਿਆਂ ਨਾਲ ਐੱਲਈਡੀ, ਕੂਲਰ ਤੇ ਹੋਰ ਘਰੇਲੂ ਸਮਾਨ ਵੀ ਖਰੀਦਿਆ।
-ਮੁਲਜ਼ਮ ਨੇ ਕਿਹਾ, ਬੱਚਾ ਮਰ ਗਿਆ, ਅਸੀਂ ਦਫ਼ਨਾ ਦਿੱਤੈ
ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਸਾਬਕਾ ਪਤੀ ਤੋਂ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਝੂਠ ਕਿਹਾ ਕਿ ਬੱਚਾ ਮਰ ਗਿਆ ਹੈ ਤੇ ਉਸ ਨੂੰ ਦਫਨਾ ਦਿੱਤਾ ਹੈ। ਬਾਅਦ ’ਚ ਜਦੋਂ ਉਸ ਨੇ ਮੁਹੱਲੇ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਬੱਚਾ ਜਿਊਂਦਾ ਹੈ ਤੇ ਉਸ ਨੂੰ ਵੇਚ ਦਿੱਤਾ ਗਿਆ ਹੈ। ਪੀੜਤਾ ਦਾ ਦੋਸ਼ ਹੈ ਕਿ ਸ਼ਿਕਾਇਤ ਕਰਨ 'ਤੇ ਮੁਲਜ਼ਮ ਨੇ ਇਹ ਕਹਿ ਕੇ ਧਮਕਾਇਆ ਕਿ ਉਸ ਨੇ ਨਵਾਂ ਪਿਸਟਲ ਖ਼ਰੀਦਿਆ ਹੈ ਅਤੇ ਜੇਕਰ ਉਹ ਪੁਲਿਸ ਕੋਲ ਗਈ ਤਾਂ ਅੰਜਾਮ ਬੁਰਾ ਹੋਵੇਗਾ।
-ਚਾਰ ਸਾਲ ਪਹਿਲਾਂ ਹੋਇਆ ਸੀ ਤਲਾਕ, ਫਿਰ ਵੀ ਬਣਿਆ ਰਿਹਾ ਸੰਪਰਕ
ਸ਼ਿਵਾਨੀ ਅਨੁਸਾਰ ਕਰੀਬ 12 ਸਾਲ ਪਹਿਲਾਂ ਉਸ ਦਾ ਵਿਆਹ ਸ਼ਿਵਾ ਨਾਮਕ ਨੌਜਵਾਨ ਨਾਲ ਹੋਇਆ ਸੀ। ਵਿਆਹ ਮਗਰੋਂ ਉਨ੍ਹਾਂ ਦਾ ਇਕ ਪੁੱਤਰ ਤੇ ਇਕ ਧੀ ਹੋਈ। ਕਰੀਬ ਚਾਰ ਸਾਲ ਪਹਿਲਾਂ ਘਰੇਲੂ ਵਿਵਾਦ ਕਾਰਨ ਪੰਚਾਇਤ ’ਚ ਦੋਵਾਂ ਦਾ ਤਲਾਕ ਹੋ ਗਿਆ। ਦੋਵਾਂ ਨੇ ਵੱਖ-ਵੱਖ ਥਾਈਂ ਦੂਜਾ ਵਿਆਹ ਕਰ ਲਿਆ। ਔਰਤ ਅਨੁਸਾਰ ਦੂਜੇ ਵਿਆਹ ਮਗਰੋਂ ਜਦੋਂ ਉਹ ਗਰਭਵਤੀ ਹੋਈ ਤਾਂ ਪਤੀ ਨਾਲ ਅਣਬਣ ਕਾਰਨ ਕਿਰਾਏ ਦੇ ਕਮਰੇ ’ਚ ਰਹਿਣ ਲੱਗੀ। ਇਸ ਦੌਰਾਨ ਸਾਬਕਾ ਪਤੀ ਨੂੰ ਉਸ ਦੀ ਸਥਿਤੀ ਦਾ ਪਤਾ ਲੱਗ ਗਿਆ ਤੇ ਉਹ ਬੱਚਿਆਂ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਆਉਣ ਲੱਗਾ।
-ਡਲਿਵਰੀ ਸਮੇਂ ਵੀ ਨਾਲ ਰਿਹਾ ਸਾਬਕਾ ਪਤੀ
ਪੀੜਤਾ ਨੇ ਦੱਸਿਆ ਕਿ ਜਣੇਪਾ ਪੀੜਾ ਸ਼ੁਰੂ ਹੋਣ 'ਤੇ ਸਾਬਕਾ ਪਤੀ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਨਾਰਮਲ ਡਲਿਵਰੀ ਹੋਈ। ਇਸ ਦੌਰਾਨ ਮੁਲਜ਼ਮ ਆਪਣੀ ਦੂਜੀ ਪਤਨੀ ਤੇ ਇਕ ਹੋਰ ਔਰਤ ਨੂੰ ਵੀ ਨਾਲ ਲੈ ਕੇ ਆਇਆ ਸੀ। ਔਰਤ ਦਾ ਦੋਸ਼ ਹੈ ਕਿ ਉਸ ਦੀ ਦੂਜੀ ਪਤਨੀ ਨੇ ਨਵਜਾਤ ਨੂੰ ਦੁੱਧ ਪਿਆ ਅਤੇ ਦੇਖਭਾਲ ਕਰ ਕੇ ਉਸਦਾ ਭਰੋਸਾ ਜਿੱਤ ਲਿਆ।
-ਟੀਕਾਕਰਨ ਦਾ ਬਹਾਨਾ ਤੇ ਫਿਰ ਗਾਇਬ ਹੋਇਆ ਮਾਸੂਮ
ਔਰਤ ਦਾ ਕਹਿਣਾ ਹੈ ਕਿ 25 ਮਈ ਨੂੰ ਮੁਲਜ਼ਮ ਨੇ ਕਿਹਾ ਕਿ ਬੱਚੇ ਦਾ ਟੀਕਾਕਰਨ ਕਰਵਾਉਣਾ ਹੈ। ਕੁਝ ਸਮੇਂ ਬਾਅਦ ਇਕ ਮੁਟਿਆਰ ਉਸ ਦੇ ਕਮਰੇ 'ਚ ਪਹੁੰਚੀ ਤੇ ਕਿਹਾ ਕਿ ਉਹ ਬੱਚੇ ਨੂੰ ਟੀਕਾ ਲਗਵਾਉਣ ਲੈ ਜਾਵੇਗੀ। ਉਸ ਸਮੇਂ ਉਸ ਦਾ ਵੱਡਾ ਪੁੱਤਰ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਹ ਵਾਸ਼ਰੂਮ ਗਈ ਤੇ ਵਾਪਸ ਆ ਕੇ ਵੇਖਿਆ ਤਾਂ ਔਰਤ ਬੱਚੇ ਨੂੰ ਲੈ ਕੇ ਗਾਇਬ ਹੋ ਚੁੱਕੀ ਸੀ।
-ਪੁਲਿਸ ਕਮਿਸ਼ਨਰ ਕੋਲ ਇਨਸਾਫ਼ ਦੀ ਗੁਹਾਰ
ਜਦੋਂ ਕਾਫੀ ਤਲਾਸ਼ ਮਗਰੋਂ ਵੀ ਬੱਚਾ ਨਹੀਂ ਮਿਲਿਆ, ਤਾਂ ਪੀੜਤਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ। ਔਰਤ ਦਾ ਕਹਿਣਾ ਹੈ ਕਿ ਉਸ ਦੀ ਸੱਸ ਨੇ ਵੀ ਅਜੇ ਤੱਕ ਨਵਜਾਤ ਦੀ ਸ਼ਕਲ ਨਹੀਂ ਵੇਖੀ ਸੀ। ਸ਼ਿਕਾਇਤ ਮਿਲਣ ਮਗਰੋਂ ਪੁਲਿਸ ਕਮਿਸ਼ਨਰ ਨੇ ਥਾਣਾ ਰਾਮਾਮੰਡੀ ਦੇ ਐੱਸਐੱਚਓ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
-ਜਾਂਚ ਮਗਰੋਂ ਹੋਵੇਗੀ ਅਗਲੀ ਕਾਰਵਾਈ : ਏਡੀਸੀਪੀ
ਇਸ ਸਬੰਧੀ ਏਡੀਸੀਪੀ ਆਕਰਸ਼ੀ ਜੈਨ ਨੇ ਦੱਸਿਆ ਕਿ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ’ਚ ਲਾਏ ਗਏ ਸਾਰੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਕਾਲ ਡੀਟੇਲ, ਇੰਟਰਨੈੱਟ ਮੀਡੀਆ ਗਤੀਵਿਧੀਆਂ ਤੇ ਸਬੰਧਤ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।