- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਜ਼ੁਲਮ ਕਰਨ ਵਾਲੇ ਜ਼ਿੰਮੇਵਾਰ

-ਜ਼ੁਲਮ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਹੋਵੇ ਕਾਰਵਾਈ
-ਹਿਰਾਸਤ ’ਚ ਲਏ ਸੰਘਰਸ਼ਸ਼ੀਲ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਇਲਾਕਾ ਸ਼ਾਹਕੋਟ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਮੰਗ ਕੀਤੀ ਗਈ ਕਿ ਪਿਛਲੇ 24 ਘੰਟਿਆਂ ਵਿੱਚ ਪੁਲਿਸ ਜਬਰ ਦੀਆਂ ਨਿੰਦਣਯੋਗ ਕਾਰਵਾਈਆਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਪਟਿਆਲਾ ਵਿਖੇ ਪਾਵਰਕਾਮ ਦਫਤਰ ਮੂਹਰੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਦੇ ਹੱਕ ’ਚ ਰੋਸ ਮੁਜ਼ਾਹਰਾ ਕਰ ਰਹੇ ਨੌਜਵਾਨਾਂ ਤੇ ਪੁਲਿਸ ਨੇ ਬਹੁਤ ਅਣਮਨੁੱਖੀ ਤੇ ਨਿੰਦਣਯੋਗ ਢੰਗ ਨਾਲ ਲਾਠੀਚਾਰਜ ਕੀਤਾ ਹੈ, ਜਿਸ ’ਚ ਦਰਜਨਾਂ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗਣ ਅਤੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਚੰਡੀਗੜ੍ਹ ਵਿਖੇ ਸਰਕਾਰ ਦੁਆਰਾ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਹੁੰਚੇ ਮੁਲਾਜ਼ਮਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਹੈ, ਕਈ ਨੌਜਵਾਨਾਂ ਦੀਆਂ ਪੱਗਾਂ ਲੱਥੀਆਂ ਹਨ ਤੇ ਸਿਰ ਪਾਟ ਗਏ ਹਨ ,ਇਸ ਤੋਂ ਬਿਨਾਂ ਹਲਕਾ ਸ਼ਾਹਕੋਟ ਦੇ ਥਾਣਾ ਮਹਿਤਪੁਰ ਅਧੀਨ ਪਿੰਡ ਬਾਂਗੀਵਾਲ ’ਚ ਪੁਲਿਸ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ।
ਬੀਤੇ 24 ਘੰਟੇ ਵਿੱਚ ਵਾਪਰੀਆਂ ਇਹ ਘਟਨਾਵਾਂ ਦੱਸਦੀਆਂ ਹਨ ਕਿ ਕਿਸ ਤਰ੍ਹਾਂ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਨੂੰ ਦਿੱਤੀਆਂ ਅਥਾਹ ਸ਼ਕਤੀਆਂ ਦੀ ਵਰਤੋਂ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ। ਹਰ ਫਰੰਟ ਤੇ ਫੇਲ ਸਰਕਾਰ ਜਦੋਂ ਲੋਕਾਂ ਦੀਆਂ ਆਸਾਂ ’ਤੇ ਖਰਾ ਨਹੀਂ ਉਤਰ ਰਹੀ ਤਾਂ ਪੁਲਿਸ ਬਲ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕੰਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਹੁੰਦਾ ਹੈ। ਪੰਜਾਬ ਵਿੱਚ ਨਸ਼ੇ , ਚੋਰੀ,ਲੁੱਟ ਖੋਹ ,ਅਵਾਰਾਗਰਦ ਟੋਲਿਆਂ ,ਫਰੌਤੀਆਂ ਲੈਣ ਵਾਲੇ ਗੈਂਗਸਟਰਾਂ ਦਾ ਬੋਲਬਾਲਾ ਹੈ, ਪਰ ਉਹਨਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪੁਲਿਸ ਨਿਹੱਥੇ ਇਨਸਾਫ ਪਸੰਦ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਕੰਮ ਕਰ ਰਹੀ ਹੈ ।ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬਲ, ਸਕੱਤਰ ਗੁਰਚਰਨ ਸਿੰਘ ਚਾਹਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਲਾਕਾ ਸ਼ਾਹਕੋਟ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਲਾਲੀ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸ਼ਾਹਕੋਟ ਦੇ ਜਥੇਬੰਦਕ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ, ਡੀਟੀਐਫ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੋਟਲੀ ਅਤੇ ਡੀਟੀਐਫ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਇਹਨਾਂ ਸਾਰੀਆਂ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਗ੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਉਹਨਾਂ ਵਿਰੁੱਧ ਦਰਜ ਝੂਠੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਵੱਖ ਵੱਖ ਇਨਸਾਫ ਪਸੰਦ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਜਬਰ ਵਿਰੁੱਧ ਇੱਕ ਮੁੱਠ ਹੋ ਕੇ ਪੀੜਿਤ ਲੋਕਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਅਤੇ ਪੁਲਿਸ ਜਬਰ ਦਾ ਡਟਵਾਂ ਵਿਰੋਧ ਕਰਨ ਤਾਂ ਕਿ ਹਾਕਮ ਜਮਾਤ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਸਕੇ ਅਤੇ ਤਸ਼ੱਦਦ ਲਈ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਖਤ ਸਜ਼ਾ ਦਿਵਾਈ ਜਾ ਸਕੇ।