ਰੋਸ ਵਜੋਂ ਥਾਣਾ ਮਕਸੂਦਾਂ ਦੇ ਬਾਹਰ ਲਾਇਆ ਧਰਨਾ
--ਪੁਲਿਸ ਵੱਲੋਂ ਕਾਰਵਾਈ ਨਾ
Publish Date: Sat, 06 Jun 2026 10:17 PM (IST)
Updated Date: Sun, 07 Jun 2026 04:14 AM (IST)

--ਪੁਲਿਸ ਵੱਲੋਂ ਕਾਰਵਾਈ ਨਾ ਕਰਨ ’ਤੇ ਪਰਿਵਾਰਕ ਮੈਂਬਰਾਂ ਦਾ ਟੁੱਟਿਆ ਸਬਰ ਦਾ ਬੰਨ੍ਹ --ਟੱਕਰ ਉਪਰੰਤ ਜ਼ਖ਼ਮੀ ਨੂੰ ਹਸਪਤਾਲ ਲਿਜਾਣ ਬਹਾਨੇ ਸੜਕ ਤੇ ਸੁੱਟਣ ਵਾਲੇ ਆਟੋ ਚਾਲਕ ਨੂੰ ਨਹੀਂ ਕੀਤਾ ਕਾਬੂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਆਟੋ ਚਾਲਕ ਨੂੰ ਪੁਲਿਸ ਵਲੋਂ ਤਿੰਨ ਦਿਨ ਬਾਅਦ ਵੀ ਕਾਬੂ ਨਾ ਕਰਨ ਦੇ ਰੋਸ ਵਜੋਂ ਮ੍ਰਿਤਕ ਸੋਨੇ ਲਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਸਮਰਥਕਾਂ ਸਮੇਤ ਥਾਣਾ ਮਕਸੂਦਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਆਵਾਜਾਈ ਵਿੱਚ ਵਿਘਨ ਪਿਆ। ਮ੍ਰਿਤਕ ਵਿਅਕਤੀ ਦੇ ਪੁੱਤਰ ਵਿਪੁਲ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਥਾਣਾ ਮੁਖੀ ਗੁਰਪ੍ਰੀਤ ਸਗੋਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਸ਼ਨੀਵਾਰ ਤੱਕ ਆਟੋ ਚਾਲਕ ਨੂੰ ਕਾਬੂ ਕਰ ਲੈਣਗੇ। ਪਰ ਸ਼ਨੀਵਾਰ ਦੇ ਸ਼ਾਮ ਤੱਕ ਪੁਲਿਸ ਵੱਲੋਂ ਆਟੋ ਚਾਲਕ ਨੂੰ ਕਾਬੂ ਨਾ ਕਰਨ ਦੌਰਾਨ ਉਹਨਾਂ ਦਾ ਸਬਰ ਟੁੱਟ ਗਿਆ। ਜਿਸ ਦੌਰਾਨ ਰੋਸ ਵਿੱਚ ਆ ਕੇ ਉਹਨਾਂ ਵੱਲੋਂ ਮਜਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਿਆ। ਖਬਰ ਲਿਖੇ ਜਾਣ ਤੱਕ ਭਾਵੇਂ ਪੁਲਿਸ ਵੱਲੋਂ ਉਹਨਾਂ ਨੂੰ ਸਮਝਾ ਕੇ ਧਰਨਾ ਤਾਂ ਸਮਾਪਤ ਕਰਾ ਦਿਤਾ ਪਰ ਪੁਲਿਸ ਦੀ ਉਹਨਾਂ ਨਾਲ ਕੋਈ ਵੀ ਸਹਿਮਤੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਜਲੰਧਰ-ਕਪੂਰਥਲਾ ਮਾਰਗ ਤੇ ਪੈਂਦੇ ਜਲੰਧਰ ਕੁੰਜ ਨੇੜੇ ਕੈਨਰਾ ਬੈਂਕ ਦੇ ਬਾਹਰ ਤਿੰਨ ਦਿਨ ਪਹਿਲਾਂ ਗੈਸ ਸਿਲੰਡਰ ਵਾਲੇ ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਸੋਨੇ ਲਾਲ ਹਾਲ ਵਾਸੀ ਗੌਤਮ ਨਗਰ, ਜਲੰਧਰ ਗੰਭੀਰ ਜਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਦੇ ਬਹਾਨੇ ਆਟੋ ਚਾਲਕ ਆਪਣੇ ਆਟੋ ਵਿੱਚ ਪਾ ਕੇ ਤਾਂ ਲੈ ਗਿਆ ਪਰ ਉਸ ਵੱਲੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਿਆਂ ਹੋਇਆਂ ਵਿਅਕਤੀ ਨੂੰ ਤਕਰੀਬਨ ਤਿੰਨ ਕਿਲੋਮੀਟਰ ਦੂਰ ਖੇਤਾਂ ਵਿੱਚ ਸੁੱਟ ਗਿਆ। ਜਿਸ ਦੌਰਾਨ ਦੇਰ ਸ਼ਾਮ ਉਸਦੀ ਲਾਸ਼ ਬਰਾਮਦ ਹੋਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਸ ਜਿਤਾਉਂਦਿਆਂ ਹੋਇਆ ਜਲੰਧਰ-ਕਪੂਰਥਲਾ ਮਾਰਗ ਤੇ ਧਰਨਾ ਪ੍ਰਦਰਸ਼ਨ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਜਗਾਇਆ ਸੀ। ਕਿਉਂਕਿ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦੋਸ਼ ਲਾਏ ਗਏ ਸਨ ਕਿ ਜਦ ਉਹ ਥਾਣੇ ਪੁੱਜਿਆ ਤਾਂ ਉਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਕਹਿ ਕੇ ਤੋਰਿਆ ਗਿਆ ਕਿ ਉਹ ਅਜੇ ਖਾਣਾ ਖਾ ਰਹੇ ਹਨ ਤੇ ਖਾਣਾ ਖਾਣ ਤੋਂ ਬਾਅਦ ਉਹ ਕਾਰਵਾਈ ਕਰਨਗੇ। ਮ੍ਰਿਤਕ ਦੇ ਪੁੱਤਰ ਵਿਪੁਲ ਅਨੁਸਾਰ ਥਾਣਾ ਮੁਖੀ ਗੁਰਪ੍ਰੀਤ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਸ਼ਨਿੱਚਰਵਾਰ ਤੱਕ ਟੱਕਰ ਮਾਰਨ ਵਾਲੇ ਡਰਾਈਵਰ ਨੂੰ ਕਾਬੂ ਕਰ ਲੈਣਗੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ। ਉਸ ਅਨੁਸਾਰ ਉਸਦੇ ਪਿਤਾ ਦੇ ਗਲ ’ਚ ਪਾਈ ਹੋਈ ਚੈਨ ਤੇ ਜੇਬ ਵਿੱਚ ਨਕਦੀ ਵੀ ਆਟੋ ਡਰਾਈਵਰ ਵੱਲੋਂ ਚੋਰੀ ਕਰ ਲਈ ਗਈ ਸੀ। ਮੌਕੇ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੁਲਿਸ ਵੱਲੋਂ ਫਿਰ ਉਹਨਾਂ ਨੂੰ ਲਾਰਾ ਲੱਪਾ ਹੀ ਲਾਇਆ ਜਾ ਰਿਹਾ ਹੈ ਜਦਕਿ ਥਾਣਾ ਮੁਖੀ ਵੱਲੋਂ ਤਿੰਨ ਦਿਨ ਪਹਿਲਾਂ ਦਿੱਤੇ ਹੋਏ ਭਰੋਸੇ ਤੇ ਵੀ ਪੁਲਿਸ ਖਰੀ ਨਹੀਂ ਉਤਰੀ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਕਿਵੇਂ ਭਰੋਸਾ ਕਰ ਲੈਣ ਕਿ ਪੁਲਿਸ ਕੋਈ ਕਾਰਵਾਈ ਕਰੇਗੀ।ਉਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਖੁਦ ਕੋਈ ਕਾਰਵਾਈ ਨਹੀਂ ਕੀਤੀ ਤੇ ਜਦ ਉਹ ਮਜਬੂਰ ਹੋ ਕੇ ਧਰਨਾ ਲਾ ਰਹੇ ਸਨ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਧਮਕਾਇਆ ਕਿ ਜੇਕਰ ਉਹ ਸੜਕ ਖਾਲੀ ਨਹੀਂ ਕਰਨਗੇ ਤਾਂ ਉਲਟਾ ਉਹਨਾਂ ਉੱਤੇ ਕੇਸ ਦਰਜ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨਾ ਟੈਲੀਫੋਨ ’ਤੇ ਵਾਰ-ਵਾਰ ਸੰਪਰਕ ਕਰਨ ’ਤੇ ਥਾਣਾ ਮੁਖੀ ਵੱਲੋਂ ਟੈਲੀਫੋਨ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ।