ਅਮਰ ਸਿੰਘ ਦਾ ਜਨਮ ਦਿਨ ‘ਫਾਊਂਡਰ ਡੇ’ ਵਜੋਂ ਮਨਾਇਆ
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ,
Publish Date: Fri, 05 Jun 2026 09:54 PM (IST)
Updated Date: Sat, 06 Jun 2026 04:15 AM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਜੀਐੱਨਐੱਨ ਐਂਟਰਪ੍ਰਾਈਜ਼ ਲਿਮਿਟਿਡ ਵੱਲੋਂ ਕੰਪਨੀ ਦੇ ਸੰਸਥਾਪਕ ਅਮਰ ਸਿੰਘ ਦਾ 118ਵਾਂ ਜਨਮ ਦਿਨ ‘ਫਾਊਂਡਰ ਡੇ’ ਉਤਸ਼ਾਹ ਨਾਲ ਮਨਾਇਆ। ਸਭ ਤੋਂ ਪਹਿਲਾਂ ਈਓਯੂ ਜਮਾਲਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿੱਥੇ ਕੰਪਨੀ ਦੀ ਚੜ੍ਹਦੀ ਕਲਾ ਤੇ ਸਮੂਹ ਮੁਲਾਜ਼ਮਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਸਮਾਗਮ ਦੇ ਮੁੱਖ ਪ੍ਰੋਗਰਾਮ ਜੇ.ਸੀ. ਰਿਜ਼ੋਰਟ, ਗੁਰਾਇਆਂ ਵਿਖੇ ਕਰਵਾਏ ਸਮਾਗਮ ਦੀ ਸ਼ੁਰੂਆਤ ਸਵੇਰੇ ਕਰੀਬ 10:35 ਵਜੇ ਰਿਬਨ ਕੱਟਣ ਦੀ ਰਸਮ ਨਾਲ ਹੋਈ। ਉਪਰੰਤ ਕੰਪਨੀ ਦੇ ਚੇਅਰਮੈਨ ਜਗਦੀਸ਼ ਸਿੰਘ ਸੀਰਹਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ ਅਤੇ ਸੰਸਥਾਪਕ ਅਮਰ ਸਿੰਘ ਦੀ ਤਸਵੀਰ ਨੂੰ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਕਰਮਚਾਰੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਤੇ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਵਿੱਚ ਧਾਰਮਿਕ ਗੀਤ, ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜਾ, ਸੇਫਟੀ ਪਲੇਅ ਤੇ ਵਿਅਕਤੀਗਤ ਗਾਇਕੀ ਦੀਆਂ ਪੇਸ਼ਕਾਰੀਆਂ ਸ਼ਾਮਲ ਸਨ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਮਾਸਟਰ ਗੁਰਬੀਰ ਸਿੰਘ ਸੀਰਹਾ ਜੀ ਨੇ ਕੰਪਨੀ ਦੀਆਂ ਪ੍ਰਾਪਤੀਆਂ ਤੇ ਵਿਕਾਸ ਯਾਤਰਾ ਬਾਰੇ ਵਿਸਥਾਰ ਨਾਲ ਦੱਸਿਆ। ਬੇਬੀ ਸਹਿਜ ਨੇ ਵੀ ਆਪਣੇ ਪੜਦਾਦਾ ਅਮਰ ਸਿੰਘ ਦੇ ਜੀਵਨ, ਉਨ੍ਹਾਂ ਦੇ ਸਿਧਾਂਤਾਂ ਤੇ ਮੁੱਲਾਂ ਬਾਰੇ ਵਿਚਾਰ ਸਾਂਝੇ ਕੀਤੇ।
ਚੇਅਰਮੈਨ ਜਗਦੀਸ਼ ਸਿੰਘ ਸੀਰਹਾ ਨੇ ਆਪਣੇ ਪਿਤਾ ਜੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅਮਰ ਸਿੰਘ ਨੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੀਐੱਨਏ ਦੀ ਮਜ਼ਬੂਤ ਨੀਂਹ ਰੱਖੀ ਤੇ ਇਸ ਨੂੰ ਸਫਲਤਾ ਦੇ ਸ਼ਿਖਰ ਤੱਕ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ। ਸੀਈਓ ਸਾਹਿਬ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਤੇ ਕੰਪਨੀ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕੰਪਨੀ ’ਚ 25 ਸਾਲ ਤੋਂ ਵੱਧ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਸਿਲਵਰ ਜੂਬਲੀ ਐਵਾਰਡ ਨਾਲ ਸਨਮਾਨਿਤ ਕੀਤਾ। ਬੈਸਟ ਇੰਪਲੋਈ, ਬੈਸਟ ਪਰਫਾਰਮਰ, ਬੈਸਟ ਵੈਂਡਰ ਤੇ ਬੈਸਟ ਸਕ੍ਰੈਪਰ ਦੇ ਪੁਰਸਕਾਰ ਵੀ ਪ੍ਰਦਾਨ ਕੀਤੇ। ਅੰਤ ’ਚ ਲੱਕੀ ਡਰਾਅ ਦੇ ਜੇਤੂਆਂ ਦੀਆਂ ਪਰਚੀਆਂ ਸਮਾਗਮ ’ਚ ਮੌਜੂਦ ਮੁਲਾਜ਼ਮਾਂ ਦੇ ਬੱਚਿਆਂ ਵੱਲੋਂ ਕੱਢੀਆਂ ਗਈਆਂ। ਇਸ ਦੌਰਾਨ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ। ਇਸ ਤਰ੍ਹਾਂ ਜੀਐੱਨਐੱਨ ਇੰਟਰਪ੍ਰਾਈਜ਼ਜ ਲਿਮਿਟਿਡ ਵੱਲੋਂ ਮਨਾਇਆ ਫਾਊਂਡਰ ਡੇ ਦਾ ਇਹ ਸਮਾਗਮ ਯਾਦਗਾਰ, ਪ੍ਰੇਰਣਾਦਾਇਕ ਤੇ ਸ਼ਾਨਦਾਰ ਢੰਗ ਨਾਲ ਮੁਕੰਮਲ ਹੋਇਆ।