ਪੰਜਾਬ ਕਲਾ ਪ੍ਰੀਸ਼ਦ ਵੱਲੋਂ ਬਸਰਾ ਤੇ ਰਸੂਲਪੁਰੀ ਨਾਲ 'ਸਿਰਜਣਾ ਤੇ ਸੰਵਾਦ'
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਬਿੰਦਰ ਬਸਰਾ ਤੇ ਭਗਵੰਤ ਰਸੂਲਪੁਰੀ ਨਾਲ 'ਸਿਰਜਣਾ ਤੇ ਸੰਵਾਦ'
Publish Date: Tue, 10 Mar 2026 07:44 PM (IST)
Updated Date: Tue, 10 Mar 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੀ ਨਵ-ਸਿਰਜਣਾ ਲਈ ਚੱਲ ਰਹੀ ਹਫ਼ਤਾਵਾਰੀ ਗੋਸ਼ਟੀ ਦੀ ਲੜੀ ਤਹਿਤ ਦੇਸ਼ ਭਗਤ ਯਾਦਗਾਰ ਹਾਲ ’ਚ ‘ਸਿਰਜਣਾ ਤੇ ਸੰਵਾਦ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਇਸ ਮੌਕੇ ਪ੍ਰਸਿੱਧ ਕਥਾਕਾਰ ਬਿੰਦਰ ਬਸਰਾ ਤੇ ਭਗਵੰਤ ਰਸੂਲਪੁਰੀ ਨਾਲ ਵਿਚਾਰ ਉਤੇਜਿਤ ਸੰਵਾਦ ਕਰਵਾਇਆ ਗਿਆ। ਗੋਸ਼ਟੀ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਗਰੇਵਾਲ ਨੇ ਹਾਜ਼ਰ ਲੇਖਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਗੋਸ਼ਟੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਜਲੰਧਰ ’ਚ ਦੋ ਪ੍ਰਸਿੱਧ ਕਥਾਕਾਰਾਂ ਨਾਲ ਉਨ੍ਹਾਂ ਦੀ ਕਹਾਣੀ ਸਿਰਜਣਾ ਤੇ ਉਸਦੇ ਸਰੋਤਾਂ ਬਾਰੇ ਗੱਲਬਾਤ ਕੀਤੀ ਗਈ। ਗੋਸ਼ਟੀ ਦੌਰਾਨ ਆਲੋਚਕ ਡਾ. ਹਰਪ੍ਰੀਤ ਸਿੰਘ ਤੇ ਡਾ. ਅਨੁਰਾਗ ਸ਼ਰਮਾ ਨੇ ਕਹਾਣੀਕਾਰਾਂ ਨਾਲ ਸੰਵਾਦ ਕੀਤਾ। ਆਪਣੀ ਸਿਰਜਣਾ ਬਾਰੇ ਗੱਲ ਕਰਦਿਆਂ ਬਿੰਦਰ ਬਸਰਾ ਨੇ ਕਿਹਾ ਕਿ ਕਈ ਵਾਰ ਕਹਾਣੀ ਦੇ ਨਿੱਕੇ-ਨਿੱਕੇ ਟੁਕੜੇ ਜਾਂ ਸੂਤਰ ਮਿਲਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਉਹ ਕਲਪਨਾ ਨਾਲ ਕਹਾਣੀ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਕਹਾਣੀਆਂ ਉਹ ਇਕ-ਦੋ ਬੈਠਕਾਂ ’ਚ ਹੀ ਲਿਖ ਲੈਂਦੇ ਹਨ ਤੇ ਕਹਾਣੀ ਦਾ ਨਾਂ ਅਕਸਰ ਲਿਖਣ ਤੋਂ ਬਾਅਦ ਰੱਖਦੇ ਹਨ। ਉਨ੍ਹਾਂ ਆਪਣੀਆਂ ਕਹਾਣੀਆਂ ‘ਤਣਾਅ ਮੁਕਤ’, ‘ਕੱਲ੍ਹ ਵੀ ਆਉਣੈ’, ‘ਕਤਲ’ ਤੇ ‘ਮੁਸ਼ਕਲ ਏ ਗੁਰਲਾਭ ਨੂੰ ਭੁੱਲਣਾ’ ਦੇ ਹਵਾਲਿਆਂ ਨਾਲ ਆਪਣੀ ਗੱਲ ਰੱਖੀ। ਇਸੇ ਤਰ੍ਹਾਂ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਸਮਾਜ ’ਚ ਵਾਪਰਨ ਵਾਲੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਅਕਸਰ ਉਨ੍ਹਾਂ ਦੀਆਂ ਕਹਾਣੀਆਂ ਦਾ ਆਧਾਰ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵਿਲੱਖਣ ਪਾਤਰ ਨਾਲ ਲੰਮਾ ਸਮਾਂ ਬਤੀਤ ਕਰਕੇ ਉਸਨੂੰ ਸਮਝਣ ਤੋਂ ਬਾਅਦ ਹੀ ਕਹਾਣੀ ਦਾ ਰੂਪ ਤਿਆਰ ਹੁੰਦਾ ਹੈ। ਉਨ੍ਹਾਂ ਆਪਣੀਆਂ ਕਹਾਣੀਆਂ ‘ਕਸੂਰਵਾਰ’, ‘ਕੀੜਾ’, ‘ਜੜ੍ਹਾਂ’, ‘ਠੇਡਾ’, ‘ਸੁੱਕੀਆਂ ਕੁੰਨਾਂ’, ‘ਡਲਿਵਰੀ ਮੈਨ’ ਤੇ ‘ਰੰਗਾਂ ਦੀ ਸਾਂਝ’ ਦੇ ਸੰਦਰਭ ’ਚ ਗੱਲ ਸਾਂਝੀ ਕੀਤੀ। ਗੋਸ਼ਟੀ ਦੌਰਾਨ ਡਾ. ਹਰਪ੍ਰੀਤ ਸਿੰਘ ਤੇ ਡਾ. ਅਨੁਰਾਗ ਸ਼ਰਮਾ ਨੇ ਕਹਾਣੀਕਾਰਾਂ ਨਾਲ ਉਨ੍ਹਾਂ ਦੀ ਸਿਰਜਣਾ, ਵਿਚਾਰਧਾਰਾ ਤੇ ਸਮਾਜਿਕ ਮੁੱਦਿਆਂ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਦੋਹਾਂ ਲੇਖਕਾਂ ਨੇ ਵਿਸਥਾਰ ਨਾਲ ਜਵਾਬ ਦਿੱਤੇ। ਇਸ ਮੌਕੇ ਮੱਖਣ ਮਾਨ, ਕੁਲਦੀਪ ਸਿੰਘ ਬੇਦੀ, ਜਗਦੀਸ਼ ਰਾਣਾ, ਹਰਵਿੰਦਰ ਸਿੰਘ ਰੋਡੇ, ਰਾਕੇਸ਼ ਆਨੰਦ, ਡਾ. ਸ਼ੈਲੇਸ਼ ਤੇ ਸਰਬਜੀਤ ਸਿੰਘ ਸਮੇਤ ਕਈ ਲੇਖਕਾਂ ਨੇ ਵੀ ਸੰਵਾਦ ਵਿੱਚ ਹਿੱਸਾ ਲਿਆ। ਗੋਸ਼ਟੀ ’ਚ ਜਤਿੰਦਰ ਹਾਂਸ, ਅਮਰਜੀਤ ਚਾਹਲ, ਸਤਨਾਮ ਚਾਨਾ, ਪ੍ਰੋ. ਲਾਲ ਬਹਾਦਰ, ਰਜਿੰਦਰ ਬਿਮਲ, ਨਰਿੰਦਰ ਸੱਤੀ, ਕਮਲਜੀਤ ਥਾਬਲਕੇ, ਕੇਸਰ, ਕਾਮਰੇਡ ਗੁਰਮੀਤ, ਡਾ. ਰਾਮ ਮੂਰਤੀ ਤੇ ਮਦਨ ਲਾਲ ਸਮੇਤ ਹੋਰ ਸਾਹਿਤਕਾਰ ਵੀ ਮੌਜੂਦ ਰਹੇ। ਤਕਰੀਬਨ ਦੋ ਘੰਟੇ ਚੱਲੀ ਇਸ ਗੋਸ਼ਟੀ ਦੌਰਾਨ ਦੋਵੇਂ ਕਹਾਣੀਕਾਰਾਂ ਨੇ ਕਹਾਣੀ ਲਿਖਣ ਦੀ ਪ੍ਰਕਿਰਿਆ ਤੇ ਉਸਦੇ ਪਿਛੋਕੜ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ।