ਸਟੇਟ ਸਪੋਰਟਸ ਸਕੂਲ ’ਚ ਵੱਖ-ਵੱਖ ਖੇਡਾਂ ਲਈ ਟਰਾਇਲ 28 ਤੋਂ
ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵੱਲੋਂ ਸਟੇਟ ਸਪੋਰਟਸ ਸਕੂਲ ਵਿਖੇ ਵੱਖ-ਵੱਖ ਖੇਡਾਂ ਦੇ ਟਰਾਇਲ 28 ਤੋਂ 1 ਮਾਰਚ ਤੱਕ
Publish Date: Thu, 26 Feb 2026 09:14 PM (IST)
Updated Date: Thu, 26 Feb 2026 09:16 PM (IST)

--ਵਾਲੀਬਾਲ, ਸਵੀਮਿੰਗ, ਜਿਮਨਾਸਟਿਕ ਤੇ ਬਾਕਸਿੰਗ ਲਈ ਅੰਡਰ 14, 17 ਤੇ 19 ਲੜਕਿਆਂ ਦੇ ਹੋਣਗੇ ਟਰਾਇਲ --ਐਥਲੈਟਿਕ ਲਈ ਅੰਡਰ 14,17 ਤੇ 19 ਲੜਕੇ ਤੇ ਲੜਕੀਆਂ ਦੇ ਲਏ ਜਾਣਗੇ ਟਰਾਇਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਸਟੇਟ ਸਪੋਰਟਸ ਸਕੂਲ ਜਲੰਧਰ ਵਿਖੇ 28 ਫਰਵਰੀ ਤੋਂ 1 ਮਾਰਚ 2026 ਤੱਕ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਵਾਲੀਬਾਲ, ਸਵੀਮਿੰਗ, ਜਿਮਨਾਸਿਟਿਕ, ਬਾਕਸਿੰਗ ਲਈ ਅੰਡਰ 14, 17 ਤੇ 19 ਲੜਕਿਆਂ ਤੇ ਐਥਲੈਟਿਕ ਲਈ ਲੜਕੇ ਤੇ ਲੜਕੀਆਂ ਦੇ ਸਪੋਰਟਸ ਸਕੂਲ/ਕਾਲਜ ਜਲੰਧਰ ਵਿਖੇ ਟਰਾਇਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਾਕੀ ਦੇ ਟਰਾਇਲ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਕੇਵਲ ਪੰਜਾਬ ਦੇ ਚਾਹਵਾਨ ਖਿਡਾਰੀ 28 ਫਰਵਰੀ ਤੋਂ 1 ਮਾਰਚ 2026 ਤੱਕ ਸਵੇਰੇ 8 ਵਜੇ ਸਟੇਟ ਸਪੋਰਟਸ ਸਕੂਲ, ਨੇੜੇ ਕਪੂਰਥਲਾ ਚੌਕ, ਜਲੰਧਰ ਵਿਖੇ ਟਰਾਇਲ ਦੇਣ ਲਈ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਹੋਸਟਲ, ਮੈਸ, ਸਕੂਲ, ਜਿੰਮ, ਸਵੀਮਿੰਗ ਪੂਲ ਤੇ ਟਰੈਕ, ਨੈਸ਼ਨਲ ਸਟੈਂਡਰਡ ਵਾਲੀਬਾਲ ਕੋਰਟ, ਐਡਵਾਂਸ ਟਰੇਨਿੰਗ, ਇਨਡੋਰ ਤੇ ਜਿਮਨਾਸਟਿਕ ਹਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟਰਾਇਲ ਦੇਣ ਲਈ ਖਿਡਾਰੀ ਆਪਣਾ ਅਧਾਰ ਕਾਰਡ, ਜਨਮ ਸਰਟੀਫਿਕੇਟ, ਪਿਛਲੀ ਜਮਾਤ ਦਾ ਪਾਸ ਸਰਟੀਫਿਕੇਟ, ਖੇਡ ਗਤੀਵਿਧੀਆਂ ’ਚ ਸ਼ਾਮਲ ਹੋਣ ਸਬੰਧੀ ਤੇ 4 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਖਿਡਾਰੀ ਹਾਕੀ ਕੋਚ ਯੁੱਧਵਿੰਦਰ ਸਿੰਘ ਮੋਬਾਇਲ ਨੰਬਰ 97791-85486, ਸਵੀਮਿੰਗ ਕੋਚ ਉਮੇਸ਼ ਸ਼ਰਮਾ 98721-20001, ਬਾਕਸਿੰਗ ਕੋਚ ਅਰਿਹੰਤ ਕੁਮਾਰ 97800-74748, ਵਾਲੀਬਾਲ ਕੋਚ ਅੰਮ੍ਰਿਤਪਾਲ ਸਿੰਘ 97815-21456, ਐਥਲੈਟਿਕ ਕੋਚ ਬਿਕਰਮਜੀਤ ਸਿੰਘ 95015-00922 ਤੇ ਜਿਮਨਾਸ਼ਟਿਕ ਕੋਚ ਲਵ ਕੁਮਾਰ 97806-79367 ਨਾਲ ਸੰਪਰਕ ਕਰ ਸਕਦੇ ਹਨ।